National: ਸਵੇਰੇ-ਸਵੇਰੇ ਬਿਹਾਰ ਅਤੇ ਬੰਗਾਲ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ
ਚੰਡੀਗੜ੍ਹ, 24 ਨਵੰਬਰ (ਵਿਸ਼ਵ ਵਾਰਤਾ): ਮੰਗਲਵਾਰ ਸਵੇਰੇ ਉੱਤਰ-ਪੂਰਬੀ ਭਾਰਤ ਦੇ ਬਿਹਾਰ ਅਤੇ ਬੰਗਾਲ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਨੇਪਾਲ ਸੀ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.4 ਸੀ। ਇਹ ਭੂਚਾਲ 2-3 ਸਕਿੰਟਾਂ ਲਈ ਮਹਿਸੂਸ ਕੀਤਾ ਗਿਆ। ਭੂਚਾਲ ਨੇ ਚੀਨ, ਭੂਟਾਨ ਅਤੇ ਬੰਗਲਾਦੇਸ਼ ਨੂੰ ਵੀ ਪ੍ਰਭਾਵਿਤ ਕੀਤਾ। ਹੁਣ ਤੱਕ ਕਿਸੇ ਵੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
ਬਿਹਾਰ ਦੇ ਕਈ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਸੁਪੌਲ, ਸਮਸਤੀਪੁਰ, ਦਰਭੰਗਾ ਅਤੇ ਭਾਗਲਪੁਰ ਸ਼ਾਮਲ ਹਨ, ਵਿੱਚ ਸਵੇਰੇ 7:04 ਵਜੇ ਭੂਚਾਲ ਮਹਿਸੂਸ ਕੀਤਾ ਗਿਆ। ਭੁਚਾਲ ਕਾਰਨ ਪੱਖੇ ਅਤੇ ਘਰਾਂ ‘ਚ ਪਿਆ ਹੋਰ ਸਾਮਾਨ ਹਿੱਲਣ ਲੱਗਿਆ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਭੂਚਾਲ ਬੰਗਾਲ, ਸਿੱਕਮ ਅਤੇ ਸਿਲੀਗੁੜੀ ਵਿੱਚ ਵੀ ਮਹਿਸੂਸ ਕੀਤਾ ਗਿਆ।
ਮੰਗਲਵਾਰ ਸਵੇਰੇ ਅਸਾਮ ਦੇ ਕਾਰਬੀ ਅੰਗਲੋਂਗ ਜ਼ਿਲ੍ਹੇ ਵਿੱਚ 2.5 ਤੀਬਰਤਾ ਦਾ ਭੂਚਾਲ ਆਇਆ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਦੇ ਅਨੁਸਾਰ, ਸਵੇਰੇ 3:39 ਵਜੇ 2.5 ਤੀਬਰਤਾ ਦਾ ਭੂਚਾਲ ਰਿਕਾਰਡ ਕੀਤਾ ਗਿਆ। ਇਸਦੀ ਡੂੰਘਾਈ 15 ਕਿਲੋਮੀਟਰ ਸੀ। ਭੂਚਾਲ ਦਾ ਕੇਂਦਰ 25.743 ਉੱਤਰੀ ਅਕਸ਼ਾਂਸ਼ ਅਤੇ 93.355 ਪੂਰਬੀ ਦੇਸ਼ਾਂਤਰ ‘ਤੇ ਦਰਜ ਕੀਤਾ ਗਿਆ ਸੀ।






















