National: ਚੱਕਰਵਾਤੀ ਤੂਫਾਨ ਅਕਵਾਨ ਆਂਧਰਾ ਪ੍ਰਦੇਸ਼-ਓਡੀਸ਼ਾ ਤੱਟ ਨਾਲ ਟਕਰਾਇਆ
ਚੰਡੀਗੜ੍ਹ, 20 ਨਵੰਬਰ 2026 (ਵਿਸ਼ਵ ਵਾਰਤਾ): ਚੱਕਰਵਾਤੀ ਤੂਫਾਨ ਅਕਵਾਨ ਸ਼ੁੱਕਰਵਾਰ ਸਵੇਰੇ 7.30 ਤੋਂ 8:30 ਵਜੇ ਦੇ ਕਰੀਬ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਵਿਚਕਾਰ ਗੋਪਾਲਪੁਰ ਤੱਟ ਨਾਲ ਟਕਰਾ ਗਿਆ। ਇਸ ਦੌਰਾਨ ਹਵਾ ਦੀ ਰਫ਼ਤਾਰ 70 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਰਹੀ। ਤੂਫਾਨ ਅਜੇ ਵੀ ਤੱਟ ਨਾਲ ਟਕਰਾਉਣ ਦਾ ਸਿਲਸਿਲਾ ਜਾਰੀ ਹੈ।
ਤੂਫਾਨ ਦੇ ਪ੍ਰਭਾਵ ਕਾਰਨ ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਓਡੀਸ਼ਾ ‘ਚ ਕਰੀਬ 4 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਲਈ 9,341 ਰਾਹਤ ਕੈਂਪ ਬਣਾਏ ਗਏ ਹਨ। ਨਾਲ ਹੀ 423 ਬਚਾਅ ਦਲ ਤਾਇਨਾਤ ਕੀਤੇ ਗਏ ਹਨ।
ਤੂਫਾਨ ਕਾਰਨ ਪੂਰਬੀ ਰੇਲਵੇ ਨੇ 41 ਐਕਸਪ੍ਰੈਸ ਟਰੇਨਾਂ ਅਤੇ ਦੱਖਣ ਪੂਰਬੀ ਰੇਲਵੇ ਨੇ 28 ਐਕਸਪ੍ਰੈਸ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ 29 ਟਰੇਨਾਂ ਦਾ ਸਮਾਂ ਬਦਲਿਆ ਗਿਆ ਹੈ। ਤੂਫਾਨ 10 ਰਾਜਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਤਾਮਿਲਨਾਡੂ, ਪੁਡੂਚੇਰੀ ਤੋਂ ਇਲਾਵਾ ਮੱਧ ਪ੍ਰਦੇਸ਼ ਅਤੇ ਝਾਰਖੰਡ ‘ਚ ਵੀ ਮੌਸਮ ਬਦਲ ਸਕਦਾ ਹੈ ਅਤੇ ਮੀਂਹ ਪੈ ਸਕਦਾ ਹੈ।























