Canada ਦੀ ਮੋਸਟ ਵਾਂਟੇਡ ਸੂਚੀ ’ਚ ਗੋਲਡੀ ਬਰਾੜ ਟਾਪ ‘ਤੇ, 2.5 ਲੱਖ ਡਾਲਰ ਦਾ ਰੱਖਿਆ ਇਨਾਮ
ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ) – ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਵਿੱਚ ਵੀ ਗੈਂਗਸਟਰ ਗੋਲਡੀ ਬਰਾੜ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕੈਨੇਡਾ ਦੇ BOLO ਪ੍ਰੋਗਰਾਮ ਨੇ ਆਪਣੀ ਨਵੀਂ ਟੌਪ-25 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਰ ਇਸ ਸੂਚੀ ਵਿੱਚ ਪੰਜਾਬ ਦੇ ਗੋਲਡੀ ਬਰਾੜ ਨੂੰ ਪਹਿਲੇ ਨੰਬਰ ’ਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 2.5 ਲੱਖ ਕੈਨੇਡੀਅਨ ਡਾਲਰ ਤੱਕ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।
BOLO ਪ੍ਰੋਗਰਾਮ ਵੱਲੋਂ 19 ਨਵੰਬਰ 2026 ਨੂੰ ਜਾਰੀ ਕੀਤੀ ਗਈ ਜਾਣਕਾਰੀ ਵਿੱਚ ਲੋਕਾਂ ਨੂੰ ਗੋਲਡੀ ਬਰਾੜ ਦੀ ਭਾਲ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਗੋਲਡੀ ਬਰਾੜ ਦਾ ਅਸਲ ਨਾਮ ਸਤਿੰਦਰਜੀਤ ਸਿੰਘ ਹੈ। ਇਸ ਮਾਮਲੇ ਵਿੱਚ ਉਸ ਦੇ ਕਥਿਤ ਸਾਥੀ ਕਰਨਬੀਰ ਸਿੰਘ ਲਈ ਵੀ ਇਨਾਮ ਰੱਖਿਆ ਗਿਆ ਹੈ। ਕੈਨੇਡਾ ਪੁਲਿਸ ਨੂੰ ਗੋਲਡੀ ਬਰਾੜ ਅਤੇ ਕਰਨਬੀਰ ਸਿੰਘ ਦੀ ਭਾਲ 2023 ਵਿੱਚ ਵਿਨੀਪੈਗ ਵਿਖੇ ਹੋਏ ਸੁਖਦੂਲ ਸਿੰਘ ਗਿੱਲ ਉਰਫ ਸੁੱਖਾ ਦੁੱਨੇਕੇ ਦੇ ਕਤਲ ਮਾਮਲੇ ਵਿੱਚ ਹੈ। ਪੁਲਿਸ ਅਨੁਸਾਰ, 20 ਸਤੰਬਰ 2023 ਨੂੰ ਸਵੇਰੇ ਕਰੀਬ 10 ਵਜੇ ਵਿਨੀਪੈਗ ਦੇ ਉੱਤਰ-ਪੱਛਮੀ ਇਲਾਕੇ ਵਿੱਚ ਹੇਜ਼ਲਟਨ ਡਰਾਈਵ ਸਥਿਤ ਇੱਕ ਘਰ ’ਤੇ ਗੋਲੀਬਾਰੀ ਹੋਈ ਸੀ। ਮੌਕੇ ’ਤੇ ਪਹੁੰਚੀ ਪੁਲਿਸ ਨੂੰ 39 ਸਾਲਾ ਸੁਖਦੂਲ ਸਿੰਘ ਗਿੱਲ ਦੀ ਲਾਸ਼ ਮਿਲੀ ਸੀ।
ਇਸ ਮਾਮਲੇ ਵਿੱਚ 23 ਫਰਵਰੀ 2026 ਨੂੰ ਗੋਲਡੀ ਬਰਾੜ ਅਤੇ ਕਰਨਬੀਰ ਸਿੰਘ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਦੋਵਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਗਏ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਗੋਲਡੀ ਬਰਾੜ ਦੀ ਉਮਰ 32 ਸਾਲ ਅਤੇ ਕਰਨਬੀਰ ਸਿੰਘ ਦੀ ਉਮਰ 26 ਸਾਲ ਹੈ। ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਉਨ੍ਹਾਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਨੇ ਗੋਲਡੀ ਬਰਾੜ ਅਤੇ ਕਰਨਬੀਰ ਸਿੰਘ ਬਾਰੇ ਜਾਣਕਾਰੀ ਦੇਣ ਲਈ (431) 334-9160 ਨੰਬਰ ਜਾਰੀ ਕੀਤਾ ਹੈ।
ਕੈਨੇਡਾ ਤੋਂ ਪਹਿਲਾਂ ਅਮਰੀਕੀ ਏਜੰਸੀਆਂ ਵੀ ਗੋਲਡੀ ਬਰਾੜ ਖ਼ਿਲਾਫ਼ ਕਾਰਵਾਈ ਕਰ ਚੁੱਕੀਆਂ ਹਨ। 7 ਜੁਲਾਈ 2026 ਨੂੰ ਅਮਰੀਕੀ ਅਟਾਰਨੀ ਦਫ਼ਤਰ ਨੇ ‘ਆਪਰੇਸ਼ਨ ਹਾਰਡ ਬਾਲ’ ਤਹਿਤ ਕੀਤੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤੋਂ ਇਲਾਵਾ FBI ਵੱਲੋਂ ਵੀ ਉਸ ਨੂੰ ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਅਤੇ ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਜਾਣਕਾਰੀ ਦੇਣ ਵਾਲੇ ਲਈ 10 ਲੱਖ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਗਿਆ ਹੈ।























