Breaking: ਪਸਿਆਣਾ ਨੇੜੇ ਭਾਖੜਾ ਨਹਿਰ ‘ਤੇ ਬਣਿਆ ਪੁਲ ਢਹਿਆ, ਦੋ ਟਰੱਕ ਹੇਠਾਂ ਡਿੱਗੇ
– ਪਟਿਆਲਾ-ਸੰਗਰੂਰ ਰਾਸ਼ਟਰੀ ਰਾਜਮਾਰਗ ‘ਤੇ ਭਾਖੜਾ ਨਹਿਰ ‘ਤੇ ਬਣਿਆ ਲੋਹੇ ਦਾ ਪੁਲ ਢਹਿਆ
– ਪਟਿਆਲਾ-ਸੰਗਰੂਰ ਮਾਰਗ ’ਤੇ ਆਵਾਜਾਈ ਪ੍ਰਭਾਵਿਤ
– ਟ੍ਰੈਫਿਕ ਪੁਲਿਸ ਨੇ ਬਦਲਵੇਂ ਰਸਤੇ ਰਾਹੀਂ ਵਾਹਨਾਂ ਨੂੰ ਕੱਢਿਆ
ਚੰਡੀਗੜ੍ਹ, 19 ਨਵੰਬਰ (ਵਿਸ਼ਵ ਵਾਰਤਾ) – ਪਟਿਆਲਾ ਜ਼ਿਲ੍ਹੇ ਵਿੱਚ ਪਿੰਡ ਪਸਿਆਣਾ ਨੇੜੇ ਭਾਖੜਾ ਨਹਿਰ ’ਤੇ ਬਣੇ ਓਵਰਬ੍ਰਿਜ ਦਾ ਇੱਕ ਹਿੱਸਾ ਅਚਾਨਕ ਢਹਿ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਪੁਲ ਦਾ ਫਲੋਰ ਟੁੱਟਣ ਸਮੇਂ ਉੱਥੋਂ ਲੰਘ ਰਹੇ ਦੋ ਟਰੱਕ ਹੇਠਾਂ ਜਾ ਡਿੱਗੇ। ਇਸ ਦੌਰਾਨ ਇੱਕ ਟਰੱਕ ਨੂੰ ਅੱਗ ਲੱਗ ਗਈ, ਜਿਸ ਕਾਰਨ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਪੁਲ ਦੇ ਪ੍ਰਭਾਵਿਤ ਹਿੱਸੇ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਪਟਿਆਲਾ ਤੋਂ ਸੰਗਰੂਰ ਵੱਲ ਜਾਣ ਵਾਲੇ ਵਾਹਨਾਂ ਨੂੰ ਟ੍ਰੈਫਿਕ ਪੁਲਿਸ ਵੱਲੋਂ ਦੂਜੇ ਪਾਸੇ ਤੋਂ ਲੰਘਾਇਆ ਜਾ ਰਿਹਾ ਹੈ।
ਪੁਲ ਢਹਿਣ ਤੋਂ ਬਾਅਦ ਭਾਖੜਾ ਨਦੀ ਦਾ ਪਾਣੀ ਵੀ ਉੱਪਰੋਂ ਵਹਿਣਾ ਸ਼ੁਰੂ ਹੋ ਗਿਆ ਹੈ। ਸੂਚਨਾ ਮਿਲਣ ‘ਤੇ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀਆਂ ਹਨ। ਦੱਸਣਯੋਗ ਹੈ ਕਿ ਇਹ ਪੁਲ ਸੰਗਰੂਰ-ਚੰਡੀਗੜ੍ਹ ਮੁੱਖ ਹਾਈਵੇਅ ’ਤੇ ਪਟਿਆਲਾ ਬਾਈਪਾਸ ਵਜੋਂ ਵਰਤਿਆ ਜਾਂਦਾ ਹੈ। ਇਸ ਸੜਕ ਅਤੇ ਪੁਲ ਦਾ ਨਿਰਮਾਣ ਹੋਇਆਂ ਹਾਲੇ ਜ਼ਿਆਦਾ ਸਮਾਂ ਨਹੀਂ ਬੀਤਿਆ, ਇਹ ਪੁਲ 2016 ‘ਚ ਹੀ ਤਿਆਰ ਕੀਤਾ ਗਿਆ ਸੀ, ਪਰ ਇਸ ਤਰ੍ਹਾਂ ਪੁਲ ਦਾ ਹਿੱਸਾ ਟੁੱਟ ਜਾਣ ਕਾਰਨ ਉਸਾਰੀ ਦੀ ਗੁਣਵੱਤਾ ਅਤੇ ਢਾਂਚੇ ਦੀ ਮਜ਼ਬੂਤੀ ’ਤੇ ਸਵਾਲ ਉੱਠ ਰਹੇ ਹਨ।
ਫਿਲਹਾਲ ਪੁਲ ਟੁੱਟਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਹ ਜਾਂਚ ਦਾ ਵਿਸ਼ਾ ਹੈ ਕਿ ਪੁਲ ਦੇ ਨੁਕਸਾਨ ਪਿੱਛੇ ਉਸਾਰੀ ਵਿੱਚ ਕੋਈ ਖਾਮੀ ਸੀ ਜਾਂ ਇਸ ਦੇ ਹੋਰ ਕਾਰਨ ਹਨ। ਹੁਣ ਸਬੰਧਤ ਵਿਭਾਗਾਂ ਵੱਲੋਂ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕਰਨ ਅਤੇ ਅਗਲੀ ਕਾਰਵਾਈ ਕਰਨ ਦੀ ਉਮੀਦ ਹੈ।























