National: ਰੇਲਵੇ RAC ਟਿਕਟਾਂ ਦਾ ਨਿਯਮ ਬਦਲਣ ਦੀ ਤਿਆਰੀ ‘ਚ !
ਚੰਡੀਗੜ੍ਹ, 14 ਨਵੰਬਰ 2026 (ਵਿਸ਼ਵ ਵਾਰਤਾ): ਭਾਰਤੀ ਰੇਲਵੇ ਵਿੱਚ ਯਾਤਰੀਆਂ ਲਈ ਲਾਗੂ RAC (Reservation Against Cancellation) ਟਿਕਟ ਪ੍ਰਣਾਲੀ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ। ਰੇਲਵੇ ਇਸ ਵਿਵਸਥਾ ਦੀ ਸਮੀਖਿਆ ਕਰ ਰਿਹਾ ਹੈ। ਜੇਕਰ ਪ੍ਰਸਤਾਵਿਤ ਬਦਲਾਅ ਲਾਗੂ ਹੁੰਦਾ ਹੈ ਤਾਂ RAC ਟਿਕਟ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੀ ਪੂਰੀ ਬਰਥ ਮਿਲਣ ਦਾ ਰਾਹ ਖੁੱਲ੍ਹ ਸਕਦਾ ਹੈ। ਮੌਜੂਦਾ ਪ੍ਰਣਾਲੀ ਤਹਿਤ RAC ਟਿਕਟ ਵਾਲੇ ਦੋ ਯਾਤਰੀਆਂ ਨੂੰ ਇੱਕੋ ਸਾਈਡ ਲੋਅਰ ਬਰਥ ਸਾਂਝੀ ਕਰਨੀ ਪੈਂਦੀ ਹੈ। ਇਸ ਕਾਰਨ ਦੋਵਾਂ ਨੂੰ ਪੂਰੀ ਬਰਥ ਦੀ ਬਜਾਏ ਬੈਠਣ ਅਤੇ ਸੀਮਤ ਆਰਾਮ ਦੀ ਸਹੂਲਤ ਮਿਲਦੀ ਹੈ। ਹਾਲਾਂਕਿ, ਜੇਕਰ ਕਿਸੇ ਯਾਤਰੀ ਦੀ ਟਿਕਟ ਰੱਦ ਹੋ ਜਾਂਦੀ ਹੈ ਤਾਂ ਖਾਲੀ ਹੋਈ ਬਰਥ RAC ਯਾਤਰੀ ਨੂੰ ਅਲਾਟ ਹੋ ਸਕਦੀ ਹੈ।
RAC ਪ੍ਰਣਾਲੀ ਦਾ ਮੁੱਖ ਮਕਸਦ ਸੀਮਤ ਬਰਥਾਂ ਵਿੱਚ ਵੱਧ ਤੋਂ ਵੱਧ ਯਾਤਰੀਆਂ ਨੂੰ ਰਿਜ਼ਰਵੇਸ਼ਨ ਦੀ ਸਹੂਲਤ ਦੇਣਾ ਹੈ। ਇਸ ਵਿਵਸਥਾ ਵਿੱਚ ਯਾਤਰੀ ਨੂੰ ਰੇਲਗੱਡੀ ਵਿੱਚ ਸਫ਼ਰ ਕਰਨ ਦੀ ਇਜਾਜ਼ਤ ਮਿਲਦੀ ਹੈ, ਪਰ ਸ਼ੁਰੂ ਵਿੱਚ ਪੂਰੀ ਸੌਣ ਵਾਲੀ ਬਰਥ ਦੀ ਗਾਰੰਟੀ ਨਹੀਂ ਹੁੰਦੀ। ਹੁਣ ਇਸ ਪ੍ਰਣਾਲੀ ਦੀ ਸਮੀਖਿਆ ਦੌਰਾਨ ਯਾਤਰੀਆਂ ਨੂੰ ਮਿਲਣ ਵਾਲੀ ਸਹੂਲਤ ਅਤੇ ਕਿਰਾਏ ਦੇ ਮਾਮਲੇ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੰਸਦ ਦੀ ਇੱਕ ਕਮੇਟੀ ਵੀ ਇਹ ਸਵਾਲ ਉਠਾ ਚੁੱਕੀ ਹੈ ਕਿ ਜਦੋਂ RAC ਦੇ ਦੋ ਯਾਤਰੀ ਇੱਕੋ ਬਰਥ ਸਾਂਝੀ ਕਰਦੇ ਹਨ ਤਾਂ ਉਨ੍ਹਾਂ ਤੋਂ ਪੂਰਾ ਕਿਰਾਇਆ ਕਿਉਂ ਵਸੂਲਿਆ ਜਾਂਦਾ ਹੈ।
ਫਿਲਹਾਲ ਰੇਲਵੇ ਵੱਲੋਂ RAC ਪ੍ਰਣਾਲੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ। ਇਸ ਸਬੰਧੀ ਪ੍ਰਸਤਾਵ ’ਤੇ ਵਿਚਾਰ ਚੱਲ ਰਿਹਾ ਹੈ। ਇਸ ਲਈ ਯਾਤਰੀ ਨੂੰ ਮੌਜੂਦਾ ਨਿਯਮਾਂ ਅਨੁਸਾਰ ਹੀ ਟਿਕਟ ਬੁੱਕ ਕਰਵਾ ਸਕਣਗੇ, ਜਦੋਂ ਤੱਕ ਰੇਲਵੇ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਹੁੰਦਾ, ਉਦੋਂ ਤੱਕ ਇੱਕ ਬਰਥ ’ਤੇ ਦੋ RAC ਯਾਤਰੀਆਂ ਦੇ ਸਫ਼ਰ ਵਾਲੀ ਵਿਵਸਥਾ ਜਾਰੀ ਰਹੇਗੀ।























