National: ਸ਼ਿਮਲਾ ਪੁਲਿਸ ਨੇ ਕੰਗਨਾ ਰਣੌਤ ਵਿਰੁੱਧ ਦਰਜ ਕੀਤੀ FIR, ਪੜ੍ਹੋ ਕੀ ਹੈ ਮਾਮਲਾ ?
ਚੰਡੀਗੜ੍ਹ, 14 ਨਵੰਬਰ 2026 (ਵਿਸ਼ਵ ਵਾਰਤਾ): ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਬਾਰੇ ਕੀਤੀ ਗਈ ਕਥਿਤ ਟਿੱਪਣੀ ਨੂੰ ਲੈ ਕੇ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਸ ਮਾਮਲੇ ਵਿੱਚ ਸ਼ਿਮਲਾ ਵਿੱਚ ਉਨ੍ਹਾਂ ਵਿਰੁੱਧ FIR ਦਰਜ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ, ਕੈਪਟਨ ਅਤੁਲ ਸ਼ਰਮਾ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤ ਕਰਤਾ ਨੇ ਦੋਸ਼ ਲਾਏ ਕਿ ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਕਾਂਗਰਸ ਨੇਤਾ ਸੋਨੀਆ ਗਾਂਧੀ ਅਤੇ ਗਾਂਧੀ ਪਰਿਵਾਰ ਬਾਰੇ ਕਈ ਟਿੱਪਣੀਆਂ ਕੀਤੀਆਂ ਹਨ। ਸ਼ਿਕਾਇਤਕਰਤਾ ਨੇ ਕੰਗਨਾ ਦੀਆਂ ਪੋਸਟਾਂ ਨੂੰ ਗੁੰਮਰਾਹਕੁੰਨ, ਗੈਰ-ਪ੍ਰਮਾਣਿਤ ਅਤੇ ਭੜਕਾਊ ਦੱਸਿਆ, ਚਿੰਤਾ ਪ੍ਰਗਟ ਕੀਤੀ ਕਿ ਇਹ ਜਨਤਕ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਨੂੰ ਪ੍ਰਭਾਵਤ ਕਰ ਸਕਦੀਆਂ ਹਨ।
ਦਰਅਸਲ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ, ਕੰਗਨਾ ਨੇ ਸਾਬਕਾ ਪ੍ਰਧਾਨ ਮੰਤਰੀਆਂ ਇੰਦਰਾ ਗਾਂਧੀ, ਸੰਜੇ ਗਾਂਧੀ ਅਤੇ ਰਾਜੀਵ ਗਾਂਧੀ ਦੀਆਂ ਮੌਤਾਂ ਨੂੰ ਸੋਨੀਆ ਗਾਂਧੀ ਦੇ ਰਾਜਨੀਤਿਕ ਉਭਾਰ ਨਾਲ ਜੋੜਿਆ। ਕੰਗਨਾ ਨੇ ਸੋਨੀਆ ਗਾਂਧੀ ਨੂੰ ਇੱਕ “ਰਹੱਸਮਈ ਵਿਦੇਸ਼ੀ ਨਾਗਰਿਕ” ਕਿਹਾ ਅਤੇ ਗਾਂਧੀ ਪਰਿਵਾਰ ਦੀਆਂ ਮੌਤਾਂ ਤੋਂ ਬਾਅਦ ਉਸਦੇ ਰਾਜਨੀਤਿਕ ਪ੍ਰਭਾਵ ਬਾਰੇ ਸ਼ੱਕ ਪ੍ਰਗਟ ਕੀਤਾ। ਕੰਗਨਾ ਨੇ ਫਿਰ ਲਿਖਿਆ, “ਸੋਨੀਆ ਗਾਂਧੀ ਦੀ ਜੀਵਨੀ ਆਪਣੇ ਪੈਰ ‘ਤੇ ਆਪ ਕੁਹਾੜੀ ਮਾਰਨ ਵਾਂਗ ਹੈ। ਇਸ ਵਿੱਚ, ਉਹ ਦੱਸਦੀ ਹੈ ਕਿ ਉਹ ਰਾਜੀਵ ਗਾਂਧੀ ਦੀ ਹੱਤਿਆ ਵਾਲੇ ਦਿਨ ਉਨ੍ਹਾਂ ਦੇ ਨਾਲ ਕਿਉਂ ਨਹੀਂ ਗਈ।”






















