ਮਾਨਸਾ, 18 ਜੁਲਾਈ- ਪੰਜਾਬ ਸਰਕਾਰ ਵੱਲੋਂ ਅੱਜ ਜਿਹੜੇ 8 ਐਸ.ਐਸ.ਪੀ ਸਮੇਤ 29 ਉਚ ਪੁਲੀਸ ਅਧਿਕਾਰੀ ਇੱਧਰੋ-ਉਧਰ ਕੀਤੇ ਗਏ ਹਨ, ਉਨ੍ਹਾਂ ਵਿੱਚ ਡਾ. ਨਰਿੰਦਰ ਭਾਰਗਵ ਨੂੰ ਮੁੜ ਮਾਨਸਾ ਦਾ ਐਸ.ਐਸ.ਪੀ ਲਾਇਆ ਗਿਆ। ਮਾਨਸਾ ਦੇ ਲੋਕਾਂ ਨੇ ਉਨ੍ਹਾਂ ਦੇ ਮੁੜ ਲੱਗਣ ਉਪਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਉਹ ਸਖ਼ਤ ਸੁਭਾਅ ਦੇ, ਮਿਹਨਤੀ,ਇਮਾਨਦਾਰ,ਦਲੇਲ, ਕਾਨੂੰਨ ਦੇ ਪਹਿਰੇਦਾਰ ਅਤੇ ਹਰ ਔਖ ਨੂੰ ਬੜੇ ਸੌਖ ਨਾਲ ਨਜਿੱਠਣ ਜਾਣਦੇ ਹਨ। ਡਾ. ਭਾਰਗਵ ਜਿੱਥੇ ਵੀ ਲੱਗੇ ਹਨ, ਲੋਕਾਂ ਦੇ ਹਰਮਨ ਪਿਆਰੇ ਹੀ ਰਹੇ ਹਨ। ਲੋਕ ਉਨ੍ਹਾਂ ਨੂੰ ਵਾਰ-ਵਾਰ ਯਾਦ ਕਰਦੇ ਹਨ। ਮਾਨਸਾ ਜ਼ਿਲ੍ਹੇ ਦੇ ਲੋਕ ਅੱਜ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਗੋ-ਬਾਗ ਹਨ।
ਪੁਲੀਸ ਵਿਭਾਗ ਵਿਚ ਬਹੁਲਾਤਾਵਾਂ ਦੇ ਸਮੁੰਦਰ ਕਰਕੇ ਜਾਣੇ ਜਾਂਦੇ ਸੀਨੀਅਰ ਅਧਿਕਾਰੀ ਡਾ. ਨਰਿੰਦਰ ਭਾਰਗਵ ਕੁੱਝ ਸਮਾਂ ਪਹਿਲਾਂ ਇਕ ਵਾਰ ਉਸ ਵੇਲੇ ਚਰਚਾ ਵਿਚ ਆਏ ਸਨ, ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਪੁਲੀਸ ਅਕੈਡਮੀ ਫਿਲੌਰ ਵਿਚ ਪਾਸਿੰਗ ਆਫ ਟਰੇਡ ਤੋਂ ਬਾਅਦ ਪੁਲੀਸ ਵਿਚ ਵਿਲੱਖਣ ਕਾਰਜ ਕਰਨ ਬਦਲੇ ਵਿਸ਼ੇਸ਼ ਤੌਰ ‘ਤੇ ਮੈਡਲ ਦੇਕੇ ਸਨਮਾਨਿਤ ਕੀਤਾ ਸੀ। ਉਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਮਹਿਕਮੇ ਵਿਚ ਬੇਹਤਰ ਸੇਵਾਵਾਂ ਲਈ ਉਨ੍ਹਾਂ ਨੂੰ ਸਨਮਾਨਿਆ ਗਿਆ ਹੈ। ਉਹ ਜਿਥੇ ਵੀ ਪੁਲੀਸ ਅਧਿਕਾਰੀ ਵੱਜੋ ਤਾਇਨਾਤ ਰਹੇ ਹਨ, ਉਥੇ ਹੀ ਉਨ੍ਹਾਂ ਨੇ ਅਜਿਹੇ ਕਾਰਜ ਕਰਕੇ ਉਹ ਪੈੜਾਂ ਪਾਈਆਂ ਹਨ, ਜਿੰਨ੍ਹਾਂ ਨੂੰ ਹਮੇਸ਼ਾਂ ਆਮ ਲੋਕਾਂ ਸਮੇਤ ਹਰ ਵਰਗ ਵੱਲੋਂ ਕਈ-ਕਈ ਵਰ੍ਹੇ ਵਡਿਆਇਆ ਜਾਂਦਾ ਹੈ।
ਡਾ. ਭਾਰਗਵ 1989 ਵਿਚ ਪੁਲੀਸ ਮਹਿਕਮੇ ਦੀ ਸੇਵਾ ਵਿਚ ਆਏ ਹਨ ਅਤੇ ਉਸ ਦਿਨ ਤੋਂ ਹੀ ਉਨ੍ਹਾਂ ਦੇ ਕਾਰਜਾਂ ਦੀ ਪ੍ਰਸੰਸਾ ਹੋਣੀ ਆਰੰਭ ਹੋਈ ਹੈ। ਪਟਿਆਲਾ ਦੇ ਇਕ ਖਾਨਦਾਨੀ ਪਰਿਵਾਰ ਵਿਚ ਜਨਮ ਲੈਣ ਵਾਲੇ ਡਾ. ਭਾਰਗਵ ਨੇ ਮਹਿਕਮੇ ਦੇ ਰੂਲਾਂ ਅਤੇ ਅਸੂਲਾਂ ਨੂੰ ਹਮੇਸ਼ਾ ਕਾਇਮ ਰੱਖਿਆ ਹੈ, ਇਸੇ ਕਰਕੇ ਹੀ ਉਹ ਮਾਨਸਾ ਤੋਂ ਇਲਾਵਾ ਬਰਨਾਲਾ, ਤਰਨ ਤਾਰਨ,ਗੁਰਦਾਸਪੁਰ,ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ),ਹੁਸ਼ਿਆਰਪੁਰ,ਜਲੰਧਰ ਰੂਰਲ,ਫਾਜਿਲਕਾ ਵਿਚ ਸੀਨੀਅਰ ਕਪਤਾਨ ਪੁਲੀਸ (ਐਸ.ਐਸ.ਪੀ.) ਹੁੰਦਿਆਂ ਐਸੀਆਂ ਨਵੀਆਂ ਪੈੜਾਂ ਪਾਕੇ ਆਏ ਹਨ ਕਿ ਉਹ ਲੋਕਾਂ ਦੇ ਮਨਾਂ ਵਿਚ ਡੂੰਘੇ ਵਸੇ ਹੋਏ ਹਨ। ਉਨ੍ਹਾਂ ਕਮਾਂਡੈਂਟ 3 ਆਈ.ਆਰ.ਬੀ ਪੰਜਾਬ ਪੁਲੀਸ ਲੁਧਿਆਣਾ,ਡੀ.ਸੀ.ਪੀ. ਲੁਧਿਆਣਾ ਅਤੇ ਐਸ.ਐਸ.ਪੀ ਵਿਜੀਲੈਂਸ ਬਿਊਰੋ ਲੁਧਿਆਣਾ ਹੁੰਦਿਆਂ ਹੋਇਆ ਪੁਲੀਸ ਵਿਚ ਐਸੇ ਕਾਰਨਾਮੇ ਕੀਤੇ ਹਨ,ਜਿੰਨ੍ਹਾਂ ਨੂੰ ਆਮ ਨਾਗਰਿਕਾਂ ਤੋਂ ਬਿਨਾਂ ਪੁਲੀਸ ਦੇ ਹਰ ਵੱਡੇ-ਛੋਟੇ ਅਧਿਕਾਰੀ ਵੱਡੀ ਪ੍ਰਾਪਤੀ ਮੰਨਦੇ ਹਨ।
ਉਨ੍ਹਾਂ ਨੇ ਮਹਿਕਮੇ ਦੀ ਸੇਵਾ ਕਰਦਿਆਂ ਜਿੰਦਗੀ ਵਿਚ ਅੱਜ ਤੱਕ ਕਦੇ ਕੋਈ ਅਜਿਹਾ ਸਮਝੌਤਾ ਨਹੀਂ ਕੀਤਾ, ਜਿਸ ਨਾਲ ਵਿਭਾਗ ਨੂੰ ਕੋਈ ਆਂਚ ਆਈ ਹੋਵੇ ਅਤੇ ਹਮੇਸ਼ਾ ਅਜਿਹੇ ਕਾਰਜ ਕੀਤੇ ਹਨ, ਜਿੰਨ੍ਹਾਂ ਨਾਲ ਉਹ ਹਮੇਸ਼ਾ ਅਖਬਾਰੀ ਸੁਰਖੀਆਂ ਵਿਚ ਰਹੇ ਹਨ ਅਤੇ ਵਿਭਾਗ ਵਿਚ ਜਿਹੜੇ ਰਾਹਾਂ ਨੂੰ ਸਭ ਤੋਂ ਔਖਾ ਮੰਨਿਆ ਜਾਂਦਾ ਰਿਹਾ ਹੈ, ਉਨ੍ਹਾਂ ਨੂੰ ਉਸੇ ਰਾਹ ਤੁਰਕੇ ਵਿਭਾਗ ਦੀ ਹਮੇਸ਼ਾ ਬੱਲੇ-ਬੱਲੇ ਕਰਵਾਈ ਹੈ।
ਉਤਰ ਪ੍ਰਦੇਸ਼ ਵਿਚ ਪੈਟਰੋਲ ਪੰਪਾਂ ‘ਤੇ ਚਿੱਪ ਲਾਕੇ ਹੇਰਾ-ਫੇਰੀਆਂ ਕਰਨ ਦਾ ਮਾਮਲਾ ਭਾਵੇਂ ਦੇਸ਼ ਭਰ ਵਿਚ ਕੁਝ ਸਮਾਂ ਪਹਿਲਾਂ ਛਾਇਆ ਰਿਹਾ ਹੈ, ਪਰ ਅਸਲ ਵਿਚ ਇਸ ਮਾਮਲੇ ਨੂੰ ਡਾ. ਨਰਿੰਦਰ ਭਾਰਗਵ ਨੇ ਮਾਨਸਾ ਦਾ ਐਸ.ਐਸ.ਪੀ. ਹੁੰਦਿਆਂ 2013 ਵਿਚ ਸਭ ਦੇ ਸਾਹਮਣੇ ਲਿਆਦਾ ਸੀ, ਮਾਨਸਾ ਪੁਲੀਸ ਨੇ ਉਨ੍ਹਾਂ ਦੀ ਅਗਵਾਈ ਵਿਚ ਪੰਪਾਂ ਦੀਆਂ ਡਿਸਪੈਂਸਿੰਗ ਮਸ਼ੀਨਾਂ ਵਿਚ ਚਿੱਪਾਂ ਲਾਕੇ ਹੇਰਾ-ਫੇਰੀਆਂ ਕਰਨ ਦੇ ਕਰੋੜਾਂ ਰੁਪਏ ਦੇ ਲਾਏ ਜਾਂਦੇ ਚੂਨੇ ਨੂੰ ਜੱਗ ਜਾਹਿਰ ਕੀਤਾ ਸੀ। ਡਾ. ਭਾਰਗਵ ਨੇ ਪੈਟਰੋਲ ਪੰਪਾਂ ਦੀਆਂ ਮਸ਼ੀਨਾਂ ਵਿਚ ਚਿੱਪਾਂ ਲਾਕੇ ਹੇਰਾ-ਫੇਰੀਆਂ ਕਰਨ ਦੇ ਮਾਮਲੇ ਨੂੰ ਲੈਕੇ ਉਸ ਸਮੇਂ ਸਥਾਨਕ ਅਤੇ ਯੂਪੀ ਦੇ ਕੁਝ ਮਕੈਨਿਕਾਂ ਅਤੇ ਇੰਜੀਨੀਅਰਾਂ ਨੂੰ ਕਾਬੂ ਕੀਤਾ ਸੀ। ਇਸ ਤੋਂ ਬਾਅਦ ਹੇਰਾ-ਫੇਰੀਆਂ ਦੇ ਅਨੇਕਾਂ ਮਾਮਲੇ ਮਾਨਸਾ, ਅੰਮ੍ਰਿਤਸਰ, ਜਲੰਧਰ, ਮੁਕਤਸਰ, ਬਰਨਾਲਾ ਤੇ ਹੋਰ ਜ਼ਿਲ੍ਹਿਆਂ ਵਿਚ ਸਾਹਮਣੇ ਆਏ ਸਨ। ਡਾ. ਭਾਰਗਵ ਦੀ ਮਾਨਸਾ ਤੋਂ ਬਦਲੀ ਪਿੱਛੋਂ ਬੇਸ਼ੱਕ ਇਸ ਮਾਮਲੇ ਦੇ ਦੋਸ਼ੀ ਜ਼ਮਾਨਤਾਂ ਜਾਂ ਰਿਹਾਈ ਕਰਵਾਕੇ ਫਿਰ ਅਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦੇਣ ਲੱਗੇ ਹਨ, ਪਰ ਇਸ ਖੇਤਰ ਦੀ ਪੁਲੀਸ ਨੇ ਪਿੱਛੋਂ ਅਜਿਹੇ ਕਸੂਰਵਾਰਾਂ ਦੀ ਨੱਪੀ ਹੋਈ ਪੈੜ ਢਿੱਲੀ ਛੱਡ ਦਿੱਤੀ ਹੈ ਅਤੇ ਪਿੱਛੋਂ ਉਹ ਯੂਪੀ ਵਿਚ ਜਾਕੇ ਆਪਣੀਆਂ ਮੁੜ ਪਹਿਲਾਂ ਵਾਲੀਆਂ ਹਰਕਤਾਂ ਕਰਨ ਲੱਗੇ ਪਏ।
ਡਾ. ਭਾਰਗਵ ਨੇ ਤਰਨ ਤਾਰਨ ਵਿਚ ਐਸ.ਐਸ.ਪੀ. ਹੁੰਦਿਆਂ ਨਸ਼ਿਆਂ ਖਿਲਾਫ ਇਕ ਅਜਿਹੀ ਮੁਹਿੰਮ ਆਰੰਭ ਕੀਤੀ ਸੀ, ਜਿਸ ਦਾ ਆਮ ਲੋਕਾਂ ਨੇ ਪਹਿਲੀ ਵਾਰ ਸਿੱਧਾ ਸਾਥ ਦੇਕੇ ਪੰਜਾਬ ਵਿਚ ਇਕ ਅਜਿਹੀ ਪਰੰਪਰਾ ਆਰੰਭ ਕਰ ਦਿੱਤੀ ਸੀ ਕਿ ਉਹ ਨਸੇੜੀਆਂ ਅਤੇ ਨਸ਼ਾ ਵੇਚਣ ਵਾਲਿਆਂ ਦੇ ਪਿੱਛੇ ਪੈਣ ਲੱਗ ਪਏ ਸਨ, ਇਸ ਤਰ੍ਹਾਂ ਦੀ ਮੁਹਿੰਮ ਰਾਜ ਦੇ ਕਿਸੇ ਹੋ ਹਿੱਸੇ ਵਿਚ ਵੇਖਣ ਨੂੰ ਨਹੀਂ ਮਿਲੀ, ਜਦੋਂ ਕਿ ਪੰਜਾਬ ਵਿਚ ਇਸ ਵੇਲੇ ਅਜਿਹੀਆਂ ਲਹਿਰਾਂ ਨੂੰ ਹਰ ਜ਼ਿਲ੍ਹੇ ਵਿਚ ਖੜ੍ਹੇ ਕਰਨ ਦੀ ਲੋੜ ਹੈ।
ਉਚੀ ਸੂਝ-ਬੂਝ ਅਤੇ ਲਿਆਕਤ ਵਾਲੇ ਡਾ. ਭਾਰਗਵ ਨੇ ਜਲੰਧਰ (ਦਿਹਾਤੀ) ਵਿਚ ਐਸ.ਐਸ.ਪੀ ਹੁੰਦਿਆਂ ਹੈਲਪ ਡੈਸਕ ਦੀ ਅਜਿਹੀ ਸ਼ੁਰੂਆਤ ਕੀਤੀ ਕਿ ਉਸ ਜ਼ਿਲ੍ਹੇ ਵਿਚਲੇ ਸਾਰੇ ਪੁਲੀਸ ਸਟੇਸ਼ਨ ਰਾਜ ਦੇ ਅਜਿਹੇ ਪਹਿਲੇ ਥਾਣੇ ਬਣ ਗਏ, ਜਿੰਨ੍ਹਾਂ ਵਿਚ ਹਰ ਕਿਸਮ ਦੀਆਂ ਆਧੁਨਿਕ ਸਹੂਲਤਾਂ ਪੈਦਾ ਹੋ ਗਈਆਂ, ਜਿਸ ਨਾਲ ਪੁਲੀਸ ਕਰਮਚਾਰੀ ਚੱਤੋ-ਪਹਿਰ ਡਿਊਟੀ ਉਪਰ ਚੁਸਤੀ-ਫੁਰਤੀ ਨਾਲ ਕਾਇਮ ਰਹਿੰਦੇ ਸਨ ਅਤੇ ਬਿਨਾਂ ਕਿਸੇ ਬੋਝ ਤੋਂ ਹਰ ਅਖਿਆਈ ਦਾ ਮੁਕਾਬਲਾ ਕਰਨ ਲਈ ਕੋਈ ਝਿਜਕ ਨਹੀਂ ਮੰਨਦੇ ਸਨ।
ਅੱਜ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਮੁੜ ਮਾਨਸਾ ਦਾ ਐਸ.ਐਸ.ਪੀ ਲਗਾਕੇ ਇਸ ਜ਼ਿਲ੍ਹੇ ਦੀ ਵਾਂਗਡੋਰ ਉਨ੍ਹਾਂ ਨੂੰ ਸੌਂਪ ਦਿੱਤੀ ਹੈ, ਜਿਸ ਤੋਂ ਲੋਕਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।