ਵਿਆਹ ਦੇ 13 ਸਾਲਾਂ ਬਾਅਦ ਵੱਖ ਹੋਏ ਆਂਧਰਾ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਅਤੇ ਅੰਨਾ ਕੋਨੀਡੇਲਾ
ਨਵੀ ਦਿੱਲੀ, 10 ਨਵੰਬਰ 2026 (ਵਿਸ਼ਵ ਵਾਰਤਾ): ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਅਦਾਕਾਰ ਪਵਨ ਕਲਿਆਣ ਤੇ ਉਨ੍ਹਾਂ ਦੀ ਪਤਨੀ ਅੰਨਾ ਕੋਨੀਡੇਲਾ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ ਹੈ। ਵਿਆਹ ਦੇ 13 ਸਾਲਾਂ ਬਾਅਦ ਦੋਵਾਂ ਨੇ ਅੱਡ ਹੋਣ ਦਾ ਫ਼ੈਸਲਾ ਕੀਤਾ।ਉਪ ਮੁੱਖ ਮੰਤਰੀ ਦਫ਼ਤਰ ਦੇ ਬਿਆਨ ਅਨੁਸਾਰ, ਇਹ ਫ਼ੈਸਲਾ ਆਪਸੀ ਸਮਝ ਅਤੇ ਸਤਿਕਾਰ ਨਾਲ ਲਿਆ ਗਿਆ ਹੈ। ਦੋਵਾਂ ਨੇ ਕਿਹਾ ਕਿ ਉਹ ਚੰਗੇ ਦੋਸਤ ਬਣੇ ਰਹਿਣਗੇ।
ਪਵਨ ਕਲਿਆਣ ਅਤੇ ਅੰਨਾ ਆਪਣੇ ਬੱਚਿਆਂ ਲਈ ਸਮਰਪਿਤ ਮਾਪਿਆਂ ਦੀ ਭੂਮਿਕਾ ਨਿਭਾਉਂਦੇ ਰਹਿਣਗੇ। ਬੱਚਿਆਂ ਦੀ ਖ਼ੁਸ਼ੀ ਅਤੇ ਭਲਾਈ ਦੋਵਾਂ ਦੀ ਸਾਂਝੀ ਤਰਜੀਹ ਰਹੇਗੀ। ਦੱਸ ਦਈਏ ਕਿ ਪਵਨ ਕਲਿਆਣ ਦੇ ਤਿੰਨ ਵਿਆਹ ਹੋ ਚੁੱਕੇ ਹਨ ਅਤੇ ਤਿੰਨੋਂ ਵਾਰ ਹੀ ਉਨ੍ਹਾਂ ਦਾ ਤਲਾਕ ਹੋਇਆ ਹੈ।
ਆਪਣੀ ਫ਼ਿਲਮੀ ਸ਼ੁਰੂਆਤ ਤੋਂ ਸਿਰਫ਼ ਇੱਕ ਸਾਲ ਬਾਅਦ, ਪਵਨ ਕਲਿਆਣ ਦੇ ਪਰਿਵਾਰ ਨੇ ਉਸ ਦਾ ਵਿਆਹ ਨੰਦਿਨੀ ਨਾਲ ਕਰਵਾ ਦਿੱਤਾ। ਨੰਦਿਨੀ ਤੋਂ ਤਲਾਕ ਲੈਣ ਤੋਂ ਬਾਅਦ, ਪਵਨ ਨੇ 28 ਜਨਵਰੀ 2009 ਨੂੰ ਰੇਨੂ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ, ਰੇਨੂ ਨੇ ਇੱਕ ਧੀ ਨੂੰ ਜਨਮ ਦਿੱਤਾ ਜਿਸਦਾ ਨਾਮ ਆਦਿਆ ਸੀ। ਸਿਰਫ਼ ਤਿੰਨ ਸਾਲਾਂ ਬਾਅਦ, 2012 ਵਿੱਚ, ਰੇਨੂ ਨੇ ਪਵਨ ਤੋਂ ਤਲਾਕ ਲੈ ਲਿਆ। ਰੇਨੂ ਤੋਂ ਤਲਾਕ ਹੋਣ ਤੋਂ ਬਾਅਦ, ਪਵਨ ਨੂੰ ਅੰਨਾ ਲੇਝਨੇਵਾ ਨਾਮ ਦੀ ਇੱਕ ਰੂਸੀ ਮਾਡਲ ਨਾਲ ਪਿਆਰ ਹੋ ਗਿਆ। ਉਹ ਦੋਵੇਂ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਮਿਲੇ ਸਨ। ਰੇਨੂ ਤੋਂ ਤਲਾਕ ਲੈਣ ਦੇ ਇੱਕ ਸਾਲ ਬਾਅਦ, 30 ਸਤੰਬਰ 2013 ਨੂੰ, ਪਵਨ ਨੇ ਅੰਨਾ ਨਾਲ ਵਿਆਹ ਕਰਵਾ ਲਿਆ।























