Entertainment: ਮੰਤਰੀ ਨਾਲ ਵਿਵਾਦ ਤੋਂ ਬਾਅਦ ਦਲੇਰ ਮਹਿੰਦੀ ਨੇ ਪਹਿਲੀ ਵਾਰ ਤੋੜੀ ਚੁੱਪ, ਪੜ੍ਹੋ ਕੀ ਕਿਹਾ ?
ਨਵੀਂ ਦਿੱਲੀ, 9 ਨਵੰਬਰ 2026 (ਵਿਸ਼ਵ ਵਾਰਤਾ): ਪੰਜਾਬੀ ਗਾਇਕ ਦਲੇਰ ਮਹਿੰਦੀ ਪਿਛਲੇ ਦਿਨੀਂ ਉੱਤਰਾਖੰਡ ਵਿੱਚ ਇੱਕ ਪ੍ਰੋਗਰਾਮ ਦੌਰਾਨ ਹੋਏ ਵਿਵਾਦ ਨੂੰ ਲੈ ਕੇ ਚਰਚਾ ਵਿੱਚ ਹਨ। ਪ੍ਰੋਗਰਾਮ ਦੌਰਾਨ ਉੱਤਰਾਖੰਡ ਦੇ ਇੱਕ ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਉਨ੍ਹਾਂ ‘ਤੇ ਨਸ਼ੇ ਦੀ ਹਾਲਤ ਵਿੱਚ ਗਾਉਣ ਦੇ ਦੋਸ਼ ਲਗਾਉਂਦਿਆਂ ਜਨਤਕ ਤੌਰ ‘ਤੇ ਅਪਮਾਨਿਤ ਕੀਤਾ ਸੀ। ਇਸ ਘਟਨਾ ਤੋਂ ਬਾਅਦ ਗਾਇਕ ਤੋਂ ਮੁਆਫ਼ੀ ਮੰਗਵਾਉਣ ਦੀ ਮੰਗ ਵੀ ਉੱਠੀ ਸੀ, ਜਦਕਿ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਇਸ ਵਿਵਹਾਰ ਦੀ ਨਿੰਦਾ ਕੀਤੀ ਸੀ। ਹੁਣ ਲੰਮੇ ਸਮੇਂ ਬਾਅਦ ਦਲੇਰ ਮਹਿੰਦੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ।

ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਗਾਇਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਭਾਵੁਕ ਸੰਦੇਸ਼ ਸਾਂਝਾ ਕੀਤਾ। ਉਨ੍ਹਾਂ ਲਿਖਿਆ ਕਿ ਸਾਲਾਂ ਤੋਂ ਉਨ੍ਹਾਂ ਨੂੰ ਆਪਣੇ ਗੀਤਾਂ ਅਤੇ ਹਰ ਮੰਚ ‘ਤੇ ਸਰੋਤਿਆਂ ਦਾ ਪਿਆਰ ਮਿਲਦਾ ਰਿਹਾ ਹੈ, ਪਰ ਪਿਛਲੇ ਕੁਝ ਦਿਨਾਂ ਦੌਰਾਨ ਜੋ ਕੁਝ ਵਾਪਰਿਆ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਆਸਾਨ ਨਹੀਂ ਹੈ। ਉਨ੍ਹਾਂ ਆਪਣੇ ਸਮਰਥਨ ਵਿੱਚ ਖੜ੍ਹੇ ਹੋਣ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ੰਸਕਾਂ ਨੇ ਜਿਸ ਤਰ੍ਹਾਂ ਉਨ੍ਹਾਂ ‘ਤੇ ਭਰੋਸਾ ਜਤਾਇਆ ਅਤੇ ਹੌਸਲਾ ਦਿੱਤਾ, ਉਸ ਲਈ ਉਹ ਸਾਰਿਆਂ ਦੇ ਰਿਣੀ ਹਨ।
ਦਲੇਰ ਮਹਿੰਦੀ ਨੇ ਆਪਣੇ ਸੰਦੇਸ਼ ਵਿੱਚ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਔਖੇ ਦੌਰ ਵਿੱਚ ਉਨ੍ਹਾਂ ਦਾ ਪਰਿਵਾਰ ਸਭ ਤੋਂ ਵੱਡੀ ਤਾਕਤ ਬਣ ਕੇ ਨਾਲ ਖੜ੍ਹਾ ਰਿਹਾ। ਭਰਾ ਮੀਕਾ ਸਿੰਘ ਨੇ ਮਜ਼ਬੂਤੀ ਨਾਲ ਸਾਥ ਦਿੱਤਾ, ਜਦਕਿ ਪਤਨੀ ਤਰਨ ਨੇ ਆਪਣੇ ਹੌਸਲੇ ਅਤੇ ਅਟੁੱਟ ਵਿਸ਼ਵਾਸ ਨਾਲ ਉਨ੍ਹਾਂ ਨੂੰ ਹਿੰਮਤ ਦਿੱਤੀ। ਉਨ੍ਹਾਂ ਨੇ ਗੁਰਦੀਪ ਵੱਲੋਂ ਸ਼ਾਂਤ ਰਹਿ ਕੇ ਹਾਲਾਤਾਂ ਦਾ ਸਾਹਮਣਾ ਕਰਨ ਦੀ ਵੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਆਪਣੀਆਂ ਧੀਆਂ ਰਬਾਬ, ਅਜੀਤ ਅਤੇ ਪ੍ਰਭਜੋਤ ਦੇ ਪਿਆਰ ਨੂੰ ਆਪਣੀ ਤਾਕਤ ਦੱਸਿਆ। ਗਾਇਕ ਨੇ ਕਿਹਾ ਕਿ ਪਰਿਵਾਰ ਦੇ ਹਰ ਮੈਂਬਰ ਨੇ ਆਪਣੇ ਤਰੀਕੇ ਨਾਲ ਉਨ੍ਹਾਂ ਦਾ ਸਾਥ ਦਿੱਤਾ ਹੈ।
ਆਪਣੇ ਸੰਦੇਸ਼ ਦੇ ਅਖੀਰ ਵਿੱਚ ਦਲੇਰ ਮਹਿੰਦੀ ਨੇ ਸੰਗੀਤ ਅਤੇ ਮਨੋਰੰਜਨ ਜਗਤ ਨਾਲ ਜੁੜੇ ਲੋਕਾਂ, ਦੇਸ਼ ਭਰ ਵਿੱਚੋਂ ਉਨ੍ਹਾਂ ਦਾ ਹਾਲ ਪੁੱਛਣ ਵਾਲਿਆਂ ਅਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਪਰਿਵਾਰ ਦੀ ਪਰਿਭਾਸ਼ਾ ਬਾਰੇ ਗੱਲ ਕਰਦਿਆਂ ਕਿਹਾ ਕਿ ਪਰਿਵਾਰ ਸਿਰਫ਼ ਉਹ ਲੋਕ ਨਹੀਂ ਹੁੰਦੇ ਜਿਨ੍ਹਾਂ ਨਾਲ ਸਾਡਾ ਜਨਮ ਤੋਂ ਰਿਸ਼ਤਾ ਹੁੰਦਾ ਹੈ, ਸਗੋਂ ਉਹ ਵੀ ਪਰਿਵਾਰ ਹੁੰਦੇ ਹਨ ਜੋ ਮੁਸ਼ਕਲ ਸਮੇਂ ਵਿੱਚ ਸਾਡਾ ਸਾਥ ਨਹੀਂ ਛੱਡਦੇ।
ਗਾਇਕ ਨੇ ਇਹ ਵੀ ਕਿਹਾ ਕਿ ਅਕਸਰ ਕਿਸੇ ਕਲਾਕਾਰ ਦੀ ਮੌਤ ਤੋਂ ਬਾਅਦ ਹੀ ਉਸ ਦੀਆਂ ਪ੍ਰਾਪਤੀਆਂ ਅਤੇ ਗੁਣਾਂ ਦੀ ਚਰਚਾ ਹੁੰਦੀ ਹੈ, ਪਰ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਹੀ ਲੋਕਾਂ ਦਾ ਇੰਨਾ ਪਿਆਰ ਅਤੇ ਸਮਰਥਨ ਦੇਖਣ ਦਾ ਮੌਕਾ ਮਿਲ ਰਿਹਾ ਹੈ।























