National: ਕੀ ਬਦਲ ਜਾਣਗੇ ਚੈੱਕਬੁੱਕ ਦੇ ਪੁਰਾਣੇ ਨਿਯਮ ? RBI ਨੇ ਦਿੱਤੀ ਪੂਰੀ ਜਾਣਕਾਰੀ
ਨਵੀਂ ਦਿੱਲੀ, 9 ਨਵੰਬਰ 2026 (ਵਿਸ਼ਵ ਵਾਰਤਾ): ਬੈਂਕ ਗਾਹਕਾਂ ਲਈ ਚੈੱਕਬੁੱਕਾਂ ਸਬੰਧੀ RBI ਦਾ ਇੱਕ ਅਹਿਮ ਸਪੱਸ਼ਟੀਕਰਨ ਸਾਹਮਣੇ ਆਇਆ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਉਨ੍ਹਾਂ ਚਰਚਾਵਾਂ ਨੂੰ ਬੇਬੁਨਿਆਦ ਦੱਸਿਆ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਨਵੇਂ ਸਾਲ ਤੋਂ ਚੈੱਕ ਜਾਰੀ ਕਰਨ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ।
ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਸੁਨੇਹਿਆਂ ਵਿੱਚ ਕਿਹਾ ਜਾ ਰਿਹਾ ਸੀ ਕਿ 1 ਜਨਵਰੀ 2027 ਤੋਂ ਨਵੇਂ ਸੁਰੱਖਿਆ ਫੀਚਰਾਂ ਨਾਲ ਲੈਸ ਚੈੱਕਬੁੱਕਾਂ ਜਾਰੀ ਕੀਤੀਆਂ ਜਾਣਗੀਆਂ ਅਤੇ 31 ਦਸੰਬਰ 2026 ਤੋਂ ਬਾਅਦ ਪੁਰਾਣੀਆਂ ਚੈੱਕਬੁੱਕਾਂ ਵਰਤੋਂ ਦੇ ਯੋਗ ਨਹੀਂ ਰਹਿਣਗੀਆਂ।
RBI ਨੇ ਇਨ੍ਹਾਂ ਦਾਅਵਿਆਂ ਨੂੰ ਗਲਤ ਕਰਾਰ ਦਿੱਤਾ ਹੈ। ਕੇਂਦਰੀ ਬੈਂਕ ਮੁਤਾਬਕ, ਚੈੱਕ ਟ੍ਰੰਕੇਸ਼ਨ ਸਿਸਟਮ (CTS) ਅਧੀਨ ਵਰਤੀਆਂ ਜਾ ਰਹੀਆਂ ਮੌਜੂਦਾ ਚੈੱਕਬੁੱਕਾਂ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਕਰਨ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਇਸ ਲਈ ਗਾਹਕਾਂ ਨੂੰ ਆਪਣੀਆਂ ਮੌਜੂਦਾ ਚੈੱਕਬੁੱਕਾਂ ਬਦਲਵਾਉਣ ਦੀ ਲੋੜ ਨਹੀਂ ਹੈ।
ਰਿਜ਼ਰਵ ਬੈਂਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੈਂਕਿੰਗ ਨਿਯਮਾਂ ਨਾਲ ਜੁੜੀ ਕਿਸੇ ਵੀ ਜਾਣਕਾਰੀ ਨੂੰ ਸਾਂਝਾ ਕਰਨ ਜਾਂ ਉਸ ‘ਤੇ ਭਰੋਸਾ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਜਾਂਚ ਜ਼ਰੂਰ ਕਰਨ। ਚੈੱਕਬੁੱਕਾਂ, ਭੁਗਤਾਨ ਪ੍ਰਣਾਲੀ ਅਤੇ ਹੋਰ ਬੈਂਕਿੰਗ ਸੇਵਾਵਾਂ ਬਾਰੇ ਸਹੀ ਜਾਣਕਾਰੀ ਲਈ ਸਿਰਫ਼ RBI ਦੀਆਂ ਅਧਿਕਾਰਤ ਸੂਚਨਾਵਾਂ ਨੂੰ ਹੀ ਆਧਾਰ ਬਣਾਇਆ ਜਾਵੇ।























