IPL: ਪੰਜਾਬ ਅਤੇ ਮੁੰਬਈ ਜਲਦ ਹੀ ਕਰ ਸਕਦੇ ਹਨ ਹਾਰਦਿਕ-ਅਰਸ਼ਦੀਪ ਨੂੰ ਆਪਸ ‘ਚ ਟ੍ਰੇਡ, ਬਸ ਰਸਮੀ ਕਾਰਵਾਈਆਂ ਬਾਕੀ
ਚੰਡੀਗੜ੍ਹ, 8 ਨਵੰਬਰ (ਵਿਸ਼ਵ ਵਾਰਤਾ): ਆਈਪੀਐੱਲ ਵਿੱਚ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਹਾਰਦਿਕ ਪੰਡਯਾ ਅਤੇ ਅਰਸ਼ਦੀਪ ਸਿੰਘ ਨੂੰ ਲੈ ਕੇ ਖਿਡਾਰੀ ਅਦਲਾ-ਬਦਲੀ ਦੀ ਪ੍ਰਕਿਰਿਆ ਅੰਤਿਮ ਪੜਾਅ ’ਤੇ ਪਹੁੰਚ ਗਈ ਹੈ। ਦੋਵਾਂ ਫ੍ਰੈਂਚਾਇਜ਼ੀਆਂ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਤੈਅ ਪ੍ਰਕਿਰਿਆ ਤਹਿਤ ਦਿਲਚਸਪੀ ਪੱਤਰ (Expressions of Interest-EoI) ਦਾ ਆਦਾਨ-ਪ੍ਰਦਾਨ ਕਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਹਾਰਦਿਕ ਪੰਡਯਾ ਪੰਜਾਬ ਕਿੰਗਜ਼ ਨਾਲ ਜੁੜਨ ਲਈ ਸਹਿਮਤ ਹੋ ਗਏ ਹਨ।
ਇਸ ਸੌਦੇ ਵਿੱਚ ਕੁਝ ਸਮੇਂ ਲਈ ਦੇਰੀ ਆਈ ਸੀ, ਕਿਉਂਕਿ ਹਾਰਦਿਕ ਪੰਡਯਾ ਨੇ ਫੈਸਲਾ ਲੈਣ ਲਈ ਕੁਝ ਹੋਰ ਸਮਾਂ ਮੰਗਿਆ ਸੀ। ਹਾਲਾਂਕਿ, ਹੁਣ ਮਾਮਲਾ ਸੁਲਝਦਾ ਦਿਖਾਈ ਦੇ ਰਿਹਾ ਹੈ। ਸੂਤਰਾਂ ਮੁਤਾਬਕ ਦੋਵਾਂ ਖਿਡਾਰੀਆਂ ਨੇ ਇਸ ਅਦਲਾ-ਬਦਲੀ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਬੀਸੀਸੀਆਈ ਵੱਲੋਂ ਜਲਦ ਹੀ ਇਸ ਦੀ ਅਧਿਕਾਰਤ ਪੁਸ਼ਟੀ ਕੀਤੀ ਜਾ ਸਕਦੀ ਹੈ।
ਨਿਯਮਾਂ ਅਨੁਸਾਰ ਦੋਵਾਂ ਟੀਮਾਂ ਵੱਲੋਂ EoI ਦਾ ਆਦਾਨ-ਪ੍ਰਦਾਨ ਕਰਨ ਤੋਂ ਬਾਅਦ ਬੀਸੀਸੀਆਈ ਉਨ੍ਹਾਂ ਨੂੰ ਦੂਜੀ ਫ੍ਰੈਂਚਾਇਜ਼ੀ ਦੇ ਖਿਡਾਰੀਆਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਬਾਅਦ ਖਿਡਾਰੀਆਂ ਦੀ ਸਹਿਮਤੀ ਅਤੇ ਫੀਸ ਸਬੰਧੀ ਸ਼ਰਤਾਂ ਤੈਅ ਹੋਣ ’ਤੇ ਕਰਾਰਾਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਫਿਲਹਾਲ ਇਸ ਪ੍ਰਕਿਰਿਆ ਦਾ ਆਖਰੀ ਪੜਾਅ ਬਾਕੀ ਹੈ। ਸੂਤਰਾਂ ਮੁਤਾਬਕ ਇਸ ਸੌਦੇ ਵਿੱਚ ਕਿਸੇ ਤੀਜੇ ਖਿਡਾਰੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ।
ਇਸ ਅਦਲਾ-ਬਦਲੀ ਨੂੰ ਦੋਵਾਂ ਟੀਮਾਂ ਲਈ ਫਾਇਦੇਮੰਦ ਮੰਨਿਆ ਜਾ ਰਿਹਾ ਹੈ। ਮੁੰਬਈ ਇੰਡੀਅਨਜ਼ ਨੂੰ ਜਸਪ੍ਰੀਤ ਬੁਮਰਾਹ ਦਾ ਸਾਥ ਦੇਣ ਲਈ ਇੱਕ ਮਜ਼ਬੂਤ ਗੇਂਦਬਾਜ਼ ਦੀ ਲੋੜ ਹੈ। ਪਿਛਲੇ ਆਈਪੀਐੱਲ ਸੀਜ਼ਨ ਵਿੱਚ ਟ੍ਰੇਂਟ ਬੋਲਟ ਅਤੇ ਦੀਪਕ ਚਾਹਰ ਦਾ ਪ੍ਰਦਰਸ਼ਨ ਉਮੀਦਾਂ ਮੁਤਾਬਕ ਨਹੀਂ ਰਿਹਾ ਸੀ। ਅਜਿਹੇ ਵਿੱਚ ਅਰਸ਼ਦੀਪ ਸਿੰਘ ਟੀਮ ਲਈ ਨਵੀਂ ਗੇਂਦ ਅਤੇ ਡੈੱਥ ਓਵਰਾਂ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਦੂਜੇ ਪਾਸੇ ਪੰਜਾਬ ਕਿੰਗਜ਼ ਵਿੱਚ ਸ਼੍ਰੇਅਸ ਅਈਅਰ ਪਿਛਲੇ ਦੋ ਸੀਜ਼ਨਾਂ ਤੋਂ ਟੀਮ ਦੀ ਕਪਤਾਨੀ ਕਰ ਰਹੇ ਹਨ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਸਦਕਾ ਉਨ੍ਹਾਂ ਨੂੰ ਭਾਰਤੀ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਵੀ ਮਿਲੀ ਹੈ। ਇਸ ਲਈ ਹਾਰਦਿਕ ਨੂੰ ਪੰਜਾਬ ਵਿੱਚ ਕਪਤਾਨੀ ਮਿਲਣ ਦੀ ਸੰਭਾਵਨਾ ਘੱਟ ਹੈ। ਹਾਲਾਂਕਿ, ਉਨ੍ਹਾਂ ਦਾ ਤਜਰਬਾ, ਆਲਰਾਊਂਡ ਪ੍ਰਦਰਸ਼ਨ ਅਤੇ ਨੌਜਵਾਨ ਖਿਡਾਰੀਆਂ ਨੂੰ ਨਿਖਾਰਨ ਦੀ ਸਮਰੱਥਾ ਪੰਜਾਬ ਕਿੰਗਜ਼ ਲਈ ਲਾਹੇਵੰਦ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਕਿੰਗਜ਼ ਨੇ 19 ਸਾਲਾਂ ਦੇ ਆਈਪੀਐੱਲ ਸਫ਼ਰ ਵਿੱਚ ਹੁਣ ਤੱਕ ਸਿਰਫ਼ ਦੋ ਵਾਰ ਫਾਈਨਲ ਖੇਡਿਆ ਹੈ। ਟੀਮ 2014 ਅਤੇ 2025 ਵਿੱਚ ਖ਼ਿਤਾਬੀ ਮੁਕਾਬਲੇ ਤੱਕ ਪਹੁੰਚੀ ਸੀ, ਪਰ ਅਜੇ ਤੱਕ ਆਪਣੀ ਪਹਿਲੀ ਆਈਪੀਐੱਲ ਟਰਾਫ਼ੀ ਜਿੱਤਣ ਦੀ ਉਡੀਕ ਕਰ ਰਹੀ ਹੈ।






















