ਚੰਡੀਗੜ੍ਹ, 6 ਨਵੰਬਰ (ਵਿਸ਼ਵ ਵਾਰਤਾ) ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਹੁਣ ਰਾਜ ਸਭਾ ਵਿੱਚ ਮੱਧ ਪ੍ਰਦੇਸ਼ ਦੀ ਨੁਮਾਇੰਦਗੀ ਕਰਨਗੇ। ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਵੀਰਵਾਰ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੀ ਚੋਣ ’ਚ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ। ਭਾਜਪਾ ਨੇ ਉਨ੍ਹਾਂ ਨੂੰ ਕੇਂਦਰੀ ਮੰਤਰੀ ਡਾ. ਐਮ. ਮੁਰੂਗਨ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਸੀਟ ‘ਤੇ ਹੋਈ ਉਪ ਚੋਣ ਲਈ ਉਮੀਦਵਾਰ ਬਣਾਇਆ ਸੀ।ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ ਦੁਪਹਿਰ 3 ਵਜੇ ਤੋਂ ਬਾਅਦ ਰਸਮੀ ਤੌਰ ‘ਤੇ ਨਤੀਜਾ ਘੋਸ਼ਿਤ ਕੀਤਾ ਗਿਆ। ਪੁਰੀ ਇਸ ਚੋਣ ਵਿਚ ਇਕੱਲੇ ਉਮੀਦਵਾਰ ਸਨ, ਕਿਉਂਕਿ ਜਾਂਚ ਦੌਰਾਨ ਬਾਕੀ ਦੋ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਨ। ਮੱਧ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਹੇਮੰਤ ਖੰਡੇਲਵਾਲ ਨੇ ਪਾਰਟੀ ਵਿਧਾਇਕ ਰਾਮੇਸ਼ਵਰ ਸ਼ਰਮਾ ਦੀ ਮੌਜੂਦਗੀ ’ਚ ਰਿਟਰਨਿੰਗ ਅਫ਼ਸਰ ਤੋਂ ਪੁਰੀ ਦਾ ਚੋਣ ਸਰਟੀਫ਼ਿਕੇਟ ਪ੍ਰਾਪਤ ਕੀਤਾ।
ਗੌਰਤਲਬ ਹੈ ਕਿ ਇਸ ਉਪ ਚੋਣ ਲਈ ਹਰਦੀਪ ਸਿੰਘ ਪੁਰੀ ਤੋਂ ਇਲਾਵਾ ਦੋ ਆਜ਼ਾਦ ਉਮੀਦਵਾਰਾਂ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਕਾਂਗਰਸ ਸਮਰਥਿਤ ਆਜ਼ਾਦ ਉਮੀਦਵਾਰ ਰਾਜਕੁਮਾਰ ਲੋਹਾਨੀ ਦੀ ਨਾਮਜ਼ਦਗੀ ਹਲਫ਼ਨਾਮਾ ਜਮ੍ਹਾ ਨਾ ਕਰਵਾਉਣ ਕਾਰਨ ਰੱਦ ਕਰ ਦਿੱਤੀ ਗਈ ਸੀ, ਅਤੇ ਕਾਂਤੇ ਸੈਨਾ ਦੀ ਨਾਮਜ਼ਦਗੀ ਪ੍ਰਸਤਾਵ ਦੀ ਘਾਟ ਕਾਰਨ ਰੱਦ ਕਰ ਦਿੱਤੀ ਗਈ ਸੀ। ਪਿਛਲੇ ਮਹੀਨੇ ਸਾਬਕਾ ਕੇਂਦਰੀ ਮੰਤਰੀ ਐਲ. ਮੁਰੂਗਨ ਦੇ ਉਪਰਲੇ ਸਦਨ ਤੋਂ ਅਸਤੀਫ਼ਾ ਦੇਣ ਕਾਰਨ ਰਾਜ ਸਭਾ ਦੀ ਇਹ ਸੀਟ ਖਾਲੀ ਹੋ ਗਈ ਸੀ। ਮੁਰੂਗਨ ਦਾ ਕਾਰਜਕਾਲ 2 ਅਪ੍ਰੈਲ, 2030 ਨੂੰ ਖ਼ਤਮ ਹੋਣਾ ਸੀ।























