National: ਮਹਿੰਗਾਈ ਦਾ ਝਟਕਾ ! ਕਮਰਸ਼ੀਅਲ ਗੈਸ ਸਿਲੰਡਰ ਮਹਿੰਗਾ, ATF ਦੀ ਕੀਮਤ ਵੀ ਵਧੀ
ਚੰਡੀਗੜ੍ਹ, 1 ਨਵੰਬਰ 2026 (ਵਿਸ਼ਵ ਵਾਰਤਾ): ਨਵੰਬਰ ਮਹੀਨੇ ਦੇ ਪਹਿਲੇ ਦਿਨ ਹੀ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 10 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਹੁਣ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਧ ਕੇ 2,820 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਹਵਾਈ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਈਂਧਨ (ਏਟੀਐੱਫ) ਦੀ ਕੀਮਤ ਵੀ 1.37 ਰੁਪਏ ਪ੍ਰਤੀ ਲਿਟਰ ਵਧਾ ਦਿੱਤੀ ਗਈ ਹੈ।
ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਇਹ ਲਗਾਤਾਰ ਦੂਜੇ ਮਹੀਨੇ ਵਾਧਾ ਹੈ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ 19 ਕਿਲੋ ਵਾਲੇ ਸਿਲੰਡਰ ਦੀ ਕੀਮਤ ਵਿੱਚ 62.50 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਦਕਿ 1 ਸਤੰਬਰ ਨੂੰ ਵੀ ਕੀਮਤ 9.50 ਰੁਪਏ ਵਧੀ ਸੀ। ਇਸ ਤੋਂ ਪਹਿਲਾਂ ਜੁਲਾਈ ਅਤੇ ਅਗਸਤ ਵਿੱਚ ਲਗਾਤਾਰ ਦੋ ਮਹੀਨੇ ਕੀਮਤਾਂ ਘਟਾਈਆਂ ਗਈਆਂ ਸਨ।
ਨਵੇਂ ਰੇਟਾਂ ਮੁਤਾਬਕ, ਨਵੇਂ ਕੁਨੈਕਸ਼ਨ ਲਈ 5 ਕਿਲੋ ਵਾਲੇ ਫ੍ਰੀ ਟਰੇਡ ਐਲਪੀਜੀ ਸਿਲੰਡਰ ਦੀ ਕੀਮਤ 1,903 ਰੁਪਏ ਅਤੇ ਰੀਫਿਲ ਦੀ ਕੀਮਤ 782 ਰੁਪਏ ਹੋ ਗਈ ਹੈ। ਦੂਜੇ ਪਾਸੇ ਘਰੇਲੂ ਵਰਤੋਂ ਵਾਲੇ 14.2 ਕਿਲੋ ਦੇ ਸਿਲੰਡਰ ਦੀ ਕੀਮਤ 942 ਰੁਪਏ ’ਤੇ ਬਰਕਰਾਰ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ।
ਏਟੀਐੱਫ ਦੀ ਕੀਮਤ 138.50 ਰੁਪਏ ਪ੍ਰਤੀ ਲਿਟਰ
ਤੇਲ ਕੰਪਨੀਆਂ ਵੱਲੋਂ ਏਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਦੀ ਕੀਮਤ 137.12 ਰੁਪਏ ਤੋਂ ਵਧਾ ਕੇ 138.50 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ। ਜੈੱਟ ਫਿਊਲ ਦੀਆਂ ਕੀਮਤਾਂ ਵਿੱਚ ਇਹ ਲਗਾਤਾਰ ਚੌਥੇ ਮਹੀਨੇ ਵਾਧਾ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕੀਮਤਾਂ ਵਧਣ ਕਾਰਨ ਇਹ ਵਾਧਾ ਕੀਤਾ ਗਿਆ ਹੈ। ਏਟੀਐੱਫ ਹਵਾਈ ਕੰਪਨੀਆਂ ਦੇ ਸੰਚਾਲਨ ਖਰਚੇ ਦਾ ਲਗਭਗ 40 ਫੀਸਦੀ ਹਿੱਸਾ ਹੁੰਦਾ ਹੈ।
ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਇਹ ਸੋਧ ਕੌਮਾਂਤਰੀ ਬੈਂਚਮਾਰਕ ਦਰਾਂ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਐਕਸਚੇਂਜ ਦਰ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਐਲਪੀਜੀ ਅਤੇ ਏਟੀਐੱਫ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੋਧੀਆਂ ਜਾਂਦੀਆਂ ਹਨ। ਸੂਬਿਆਂ ਵਿੱਚ ਸਥਾਨਕ ਟੈਕਸਾਂ, ਜਿਵੇਂ ਵੈਟ, ਕਾਰਨ ਇਨ੍ਹਾਂ ਦੀਆਂ ਕੀਮਤਾਂ ਵੱਖ-ਵੱਖ ਹੋ ਸਕਦੀਆਂ ਹਨ।























