Punjab: ਭਿਆਨਕ ਸੜਕ ਹਾਦਸੇ ‘ਚ ਦੋ ਦੋਸਤਾਂ ਦੀ ਮੌਤ: ਮ੍ਰਿਤਕਾਂ ‘ਚ ਪੰਜਾਬੀ ਸੰਗੀਤ ਕੰਪਨੀ ਸਪੀਡ ਰਿਕਾਰਡਜ਼ ਦੇ ਮਾਲਕ ਦਾ ਪੁੱਤ ਵੀ
ਜਲੰਧਰ, 1 ਨਵੰਬਰ (ਵਿਸ਼ਵ ਵਾਰਤਾ): ਜਲੰਧਰ ਵਿੱਚ ਇੱਕ ਸੜਕ ਹਾਦਸੇ ਵਿੱਚ ਦੋ ਦੋਸਤਾਂ ਦੀ ਮੌਤ ਹੋ ਗਈ। ਇਹ ਹਾਦਸਾ ਪੁਲਿਸ ਲਾਈਨਜ਼ ਨੇੜੇ ਇੱਕ ਫਲਾਈਓਵਰ ‘ਤੇ ਵਾਪਰਿਆ। ਉਹ ਇੱਕ ਦੋਸਤ ਦੇ ਜਨਮਦਿਨ ਦੀ ਪਾਰਟੀ ਵਿੱਚ ਗਏ ਹੋਏ ਸਨ। ਪਾਰਟੀ ਤੋਂ ਬਾਅਦ ਦੋਵੇਂ ਮ੍ਰਿਤਕ ਤਿੰਨ ਹੋਰ ਦੋਸਤਾਂ ਵੋਲਕਸਵੈਗਨ ਕਾਰ ਵਿੱਚ ਜਾ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਦੀ ਕਾਰ ਫਲਾਈਓਵਰ ‘ਤੇ ਖੜੀ ਨਗਰ ਨਿਗਮ ਦੀ ਟਰੈਕਟਰ ਟਰਾਲੀ ਨਾਲ ਟਕਰਾ ਗਈ।
ਪੁਲਿਸ ਨੂੰ ਅੱਜ ਸਵੇਰੇ 3 ਵਜੇ ਹਾਦਸੇ ਦੀ ਸੂਚਨਾ ਮਿਲੀ। ਬਾਰਾਂਦਰੀ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਉਨ੍ਹਾਂ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਮਸ਼ਹੂਰ ਪੰਜਾਬੀ ਸੰਗੀਤ ਕੰਪਨੀ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਦੇ ਪੁੱਤਰ ਵਿਦਿਤ ਓਲਕ ਅਤੇ ਪੱਪੀ ਸਵੀਟਸ ਦੇ ਮਾਲਕ ਦੇ ਪੁੱਤਰ ਆਰਵ ਤਲਵਾਰ ਵਜੋਂ ਹੋਈ ਹੈ। ਦੋਵੇਂ 18 ਤੋਂ 19 ਸਾਲ ਦੇ ਸਨ।
ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਦਾ ਪੁੱਤਰ ਵੀ ਉਨ੍ਹਾਂ ਨਾਲ ਕਾਰ ਵਿੱਚ ਸੀ, ਜੋ ਸੁਰੱਖਿਅਤ ਹੈ। ਬਾਕੀ ਦੋ ਨੌਜਵਾਨਾਂ ਦਾ ਅਜੇ ਪਤਾ ਨਹੀਂ ਹੈ। ਉਨ੍ਹਾਂ ਦੀ ਉਮਰ ਵੀ 18 ਤੋਂ 19 ਸਾਲ ਦੱਸੀ ਜਾ ਰਹੀ ਹੈ।






















