National: ਚੱਕਰਵਾਤੀ ਤੂਫ਼ਾਨ ‘ਅਰਨਬ’ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਇਆ, 135 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ
– ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਵਿੱਚ ਭਾਰੀ ਮੀਂਹ
– ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
ਨਵੀਂ ਦਿੱਲੀ, 28 ਅਕਤੂਬਰ (ਦੇਸ਼ ਕਲਿੱਕ ਬਿਊਰੋ): ਚੱਕਰਵਾਤੀ ਤੂਫ਼ਾਨ ‘ਅਰਨਬ’ ਮੰਗਲਵਾਰ ਦੇਰ ਰਾਤ ਕਰੀਬ 3:30 ਵਜੇ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਇਆ। ਇਸ ਦੌਰਾਨ 125 ਤੋਂ 135 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਤੂਫ਼ਾਨ ਕਾਰਨ ਵਿਸ਼ਾਖਾਪਟਨਮ, ਅਨਕਾਪੱਲੀ, ਕਾਕੀਨਾਡਾ ਅਤੇ ਕੋਨਸੀਮਾ ਸਮੇਤ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਨੀਵੇਂ ਇਲਾਕਿਆਂ ਵਿੱਚ ਹੜ੍ਹ ਦੇ ਖ਼ਤਰੇ ਨੂੰ ਦੇਖਦਿਆਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ।
ਤੂਫ਼ਾਨ ਦੇ ਪ੍ਰਭਾਵ ਕਾਰਨ ਰੇਲ ਆਵਾਜਾਈ ਅਤੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਕਰੀਬ 50 ਰੇਲ ਗੱਡੀਆਂ ਅਤੇ ਵਿਜੇਵਾੜਾ ਤੇ ਵਿਸ਼ਾਖਾਪਟਨਮ ਹਵਾਈ ਅੱਡਿਆਂ ਨਾਲ ਸਬੰਧਤ 21 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਵਿੱਚ ਲੋਕਾਂ ਦੀ ਸੁਰੱਖਿਆ ਲਈ ਲਗਭਗ 4,000 ਚੱਕਰਵਾਤ ਰਾਹਤ ਕੇਂਦਰ ਤਿਆਰ ਕੀਤੇ ਗਏ ਹਨ। ਓਡੀਸ਼ਾ ਵਿੱਚ ਵੀ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ, ਜਦਕਿ ਲਗਭਗ 30 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।
ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਤੂਫ਼ਾਨ ਦਾ ਅਸਰ ਹੋਰ ਸੂਬਿਆਂ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ। ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਤੇਲੰਗਾਨਾ ਸਮੇਤ ਕਈ ਸੂਬਿਆਂ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























