ਮਲਿਕਾਰਜੁਨ ਖੜਗੇ ਦੀਆਂ ਟਿੱਪਣੀਆਂ ‘ਤੇ ਸਿਆਸੀ ਹੰਗਾਮਾ; ਭਾਜਪਾ ਵੱਲੋਂ ਰੋਸ ਪ੍ਰਦਰਸ਼ਨ
ਨਵੀ ਦਿੱਲੀ, 26 ਅਕਤੂਬਰ 2026 (ਵਿਸ਼ਵ ਵਾਰਤਾ): ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ‘ਮੋਦੀ ਕੀ, ਮੋਦੀ ਦਾ ਬਾਪ ਵੀ ਜਾਵੇਗਾ’ ਵਾਲੇ ਬਿਆਨ ਨੂੰ ਲੈ ਕੇ ਭਾਜਪਾ ਸੋਮਵਾਰ ਨੂੰ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰ ਰਹੀ ਹੈ। ਦੂਜੇ ਪਾਸੇ, ਕਾਂਗਰਸ ਦੇ ਕਈ ਨੇਤਾ ਇਸ ਮਾਮਲੇ ‘ਚ ਸਫ਼ਾਈ ਦੇ ਕੇ ਖੜਗੇ ਦਾ ਬਚਾਅ ਕਰ ਰਹੇ ਹਨ।
ਦਰਅਸਲ, ਖੜਗੇ ਨੇ ਐਤਵਾਰ ਨੂੰ ਪਟਨਾ ‘ਚ ਕਾਂਗਰਸ ਦੇ ਪ੍ਰੋਗਰਾਮ ਦੌਰਾਨ ਇਹ ਬਿਆਨ ਦਿੱਤਾ ਸੀ। ਉਨ੍ਹਾਂ ਨੇ ਤਿੰਨ ਵਾਰ ਇਹ ਗੱਲ ਦੋਹਰਾਈ ਸੀ। ਪ੍ਰੋਗਰਾਮ ਦੌਰਾਨ ਇੱਕ ਵਿਅਕਤੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਕਿਤੇ ਨਹੀਂ ਜਾਣਗੇ, ਜਿਸ ਦੇ ਜਵਾਬ ਵਿੱਚ ਖੜਗੇ ਨੇ ਇਹ ਟਿੱਪਣੀ ਕੀਤੀ ਸੀ। ਇਸੇ ਮਾਮਲੇ ਨੂੰ ਲੈ ਕੇ ਬਿਹਾਰ ਦੇ ਪਟਨਾ ਵਿੱਚ ਸ਼ਿਕਾਇਤ ਦਰਜ ਹੋਈ ਹੈ।
ਭਾਜਪਾ ਆਗੂਆਂ ਨੇ ਕਾਂਗਰਸ ਪ੍ਰਧਾਨ ਖੜਗੇ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਭਾਜਪਾ ਦਾ ਕਹਿਣਾ ਹੈ ਕਿ ਸਿਆਸੀ ਮਤਭੇਦਾਂ ਨੂੰ ਨਿੱਜੀ ਅਪਮਾਨ ਦਾ ਰੂਪ ਨਹੀਂ ਦੇਣਾ ਚਾਹੀਦਾ। ਅੱਜ ਦੇਸ਼ ਭਰ ਵਿੱਚ ਭਾਜਪਾ ਵਰਕਰ ਕਾਂਗਰਸ ਪ੍ਰਧਾਨ ਦੇ ਖ਼ਿਲਾਫ਼ ਸੜਕਾਂ ‘ਤੇ ਉਤਰੇ ਹਨ। ਭਾਜਪਾ ਅੱਜ ਹਰ ਜ਼ਿਲ੍ਹਾ ਹੈੱਡਕੁਆਰਟਰ ‘ਤੇ ਰੋਸ ਪ੍ਰਦਰਸ਼ਨ ਕਰ ਰਹੀ ਹੈ। ਪਟਨਾ ਵਿੱਚ ਭਾਜਪਾ ਪ੍ਰਦੇਸ਼ ਦਫ਼ਤਰ ਤੋਂ ਆਮਦਨ ਕਰ (ਇਨਕਮ ਟੈਕਸ) ਗੋਲੰਬਰ ਤੱਕ ਰੋਸ ਮਾਰਚ ਕੱਢ ਰਹੀ ਹੈ ਅਤੇ ਪੁਤਲਾ ਫੂਕੇਗੀ।
ਭਾਜਪਾ ਆਗੂ ਨਿਤਿਨ ਨਵੀਨ ਨੇ ਇਸ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਦੇਸ਼ ਦੀ ਜਨਤਾ ਇਸ ਤਰ੍ਹਾਂ ਦੀ ‘ਅਸ਼ੋਭਨੀਕ ਰਾਜਨੀਤੀ’ ਨੂੰ ਨੇੜਿਓਂ ਦੇਖ ਰਹੀ ਹੈ ਅਤੇ ਸਮਾਂ ਆਉਣ ‘ਤੇ ਇਸ ਦਾ ਯੋਗ ਜਵਾਬ ਦੇਵੇਗੀ। ਇਸ ਦੌਰਾਨ ਖੜਗੇ ਲਈ ਇੱਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ। ਉਨ੍ਹਾਂ ਦੇ ਖ਼ਿਲਾਫ਼ ਪਟਨਾ ਦੇ ਇੱਕ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।























