ਚੰਡੀਗੜ੍ਹ, 25 ਅਕਤੂਬਰ(ਵਿਸ਼ਵ ਵਾਰਤਾ)ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਟ੍ਰਾਈਸਿਟੀ ਦੇ ਕਰੀਬ 1400 ਵਿਦਿਆਰਥੀਆਂ ਨੇ ਐਤਵਾਰ ਨੂੰ ਕਰਵਾਏ ਗਏ 14ਵੇਂ ਪੰਜਾਬ ਐੱਸ.ਆਈ.ਪੀ. ਐਬੈਕਸ ਅਤੇ ਮਾਨਸਿਕ ਗਣਨਾ ਮੁਕਾਬਲੇ ਵਿੱਚ ਹਿੱਸਾ ਲਿਆ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਮਾਨਸਿਕ ਗਣਨਾ ਦੇ ਨਾਲ-ਨਾਲ ਆਪਣੀ ਗਤੀ, ਸ਼ੁੱਧਤਾ ਅਤੇ ਇਕਾਗਰਤਾ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ।
ਮੁਕਾਬਲੇ ਦਾ ਮੁੱਖ ਆਕਰਸ਼ਣ ਐਡਵਾਂਸ ਪੱਧਰ ਦੀ ਚੁਣੌਤੀ ਰਹੀ, ਜਿਸ ਵਿੱਚ ਪ੍ਰਤੀਯੋਗੀਆਂ ਨੂੰ ਮਹਿਜ਼ 11 ਮਿੰਟਾਂ ਵਿੱਚ ਗਣਿਤ ਦੇ 260 ਸਵਾਲ ਹੱਲ ਕਰਨੇ ਸਨ। ਇਸ ਚੁਣੌਤੀ ਦੌਰਾਨ ਵਿਦਿਆਰਥੀਆਂ ਦੀ ਗਣਨਾ ਦੀ ਗਤੀ ਅਤੇ ਸ਼ੁੱਧਤਾ ਦੇ ਨਾਲ-ਨਾਲ ਉਨ੍ਹਾਂ ਦੀ ਇਕਾਗਰਤਾ ਅਤੇ ਦਬਾਅ ਹੇਠ ਬਿਹਤਰ ਪ੍ਰਦਰਸ਼ਨ ਕਰਨ ਦੀ ਸਮਰੱਥਾ ਦੀ ਵੀ ਪਰਖ ਹੋਈ।
ਮੁਕਾਬਲੇ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਟ੍ਰਾਈਸਿਟੀ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਵਿਦਿਆਰਥੀਆਂ ਨੂੰ ਵੱਡੇ ਮੁਕਾਬਲੇ ਵਾਲੇ ਮਾਹੌਲ ਵਿੱਚ ਆਪਣੀਆਂ ਸਮਰੱਥਾਵਾਂ ਨੂੰ ਪਰਖਣ ਦਾ ਮੌਕਾ ਮਿਲਿਆ। ਇਸ ਦੌਰਾਨ ਐੱਸ.ਆਈ.ਪੀ. ਐਬੈਕਸ ਪ੍ਰੋਗਰਾਮ ਦੇ ਵੱਖ-ਵੱਖ ਪੱਧਰ ਸਫਲਤਾਪੂਰਵਕ ਪੂਰੇ ਕਰਨ ਵਾਲੇ 140 ਵਿਦਿਆਰਥੀਆਂ ਨੇ ਆਪਣਾ ਕੋਰਸ ਮੁਕੰਮਲ ਕੀਤਾ।

ਮੁਕਾਬਲਾ ਦੋ ਪੜਾਵਾਂ ਵਿੱਚ ਕਰਵਾਇਆ ਗਿਆ। ਇਸ ਮੌਕੇ ਪੰਚਕੂਲਾ ਨਗਰ ਨਿਗਮ ਦੇ ਮੇਅਰ ਸ਼ਾਮ ਲਾਲ ਬਾਂਸਲ, ਚੰਡੀਗੜ੍ਹ ਪ੍ਰਸ਼ਾਸਨ ਦੇ ਸੈਰ-ਸਪਾਟਾ ਅਤੇ ਸੱਭਿਆਚਾਰ ਸਕੱਤਰ ਤੇ ਸਿਟਕੋ ਦੇ ਮੈਨੇਜਿੰਗ ਡਾਇਰੈਕਟਰ ਡਾ. ਸਈਅਦ ਆਬਿਦ ਰਸ਼ੀਦ ਸ਼ਾਹ ਅਤੇ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਦੀ ਵਿਸ਼ੇਸ਼ ਸਕੱਤਰ ਡਾ. ਸਈਅਦ ਸਹਿਰਿਸ਼ ਅਸਗਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ।
ਐੱਸ.ਆਈ.ਪੀ. ਐਬੈਕਸ ਪੰਜਾਬ ਦੇ ਸਟੇਟ ਹੈੱਡ ਜਗਦੀਪ ਸਿੰਘ ਨੇ ਕਿਹਾ ਕਿ ਇਹ ਉੱਤਰੀ ਭਾਰਤ ਵਿੱਚ ਆਪਣੀ ਕਿਸਮ ਦੇ ਵੱਡੇ ਐਬੈਕਸ ਅਤੇ ਮਾਨਸਿਕ ਗਣਨਾ ਮੁਕਾਬਲਿਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ, “ਅਜਿਹੇ ਮੁਕਾਬਲੇ ਸਿਰਫ਼ ਬੱਚਿਆਂ ਦੀ ਮਾਨਸਿਕ ਗਣਨਾ ਸਮਰੱਥਾ ਨੂੰ ਪਰਖਣ ਤੱਕ ਸੀਮਤ ਨਹੀਂ ਰਹਿੰਦੇ, ਸਗੋਂ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਮੁਕਾਬਲੇ ਵਾਲੇ ਮਾਹੌਲ ਦਾ ਤਜਰਬਾ ਵੀ ਦਿੰਦੇ ਹਨ। ਵੱਡੀ ਗਿਣਤੀ ਵਿੱਚ ਆਪਣੇ ਹਾਣੀ ਵਿਦਿਆਰਥੀਆਂ ਨਾਲ ਮੁਕਾਬਲਾ ਕਰਨ ਨਾਲ ਬੱਚਿਆਂ ਨੂੰ ਇਹ ਸਮਝਣ ਦਾ ਮੌਕਾ ਮਿਲਦਾ ਹੈ ਕਿ ਉਹ ਦਬਾਅ ਹੇਠ ਕਿਸ ਤਰ੍ਹਾਂ ਪ੍ਰਦਰਸ਼ਨ ਕਰਦੇ ਹਨ। ਇਸ ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਅਤੇ ਅੱਗੇ ਵਧਣ ਦੀ ਪ੍ਰੇਰਣਾ ਵੀ ਪੈਦਾ ਹੁੰਦੀ ਹੈ। ਸਾਡਾ ਉਦੇਸ਼ ਬੱਚਿਆਂ ਨੂੰ ਅਜਿਹਾ ਸਾਰਥਕ ਤਜਰਬਾ ਅਤੇ ਮੌਕਾ ਦੇਣਾ ਹੈ, ਜੋ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿੱਚ ਸਹਾਈ ਹੋਵੇ।”
ਐੱਸ.ਆਈ.ਪੀ. ਐਬੈਕਸ ਇੱਕ ਵਿਵਸਥਿਤ ਐਬੈਕਸ ਆਧਾਰਿਤ ਮਾਨਸਿਕ ਗਣਨਾ ਪ੍ਰੋਗਰਾਮ ਹੈ। ਇਸ ਦੀ ਸ਼ੁਰੂਆਤ ਸਾਲ 1999 ਵਿੱਚ ਮਲੇਸ਼ੀਆ ਵਿੱਚ ਹੋਈ ਸੀ ਅਤੇ ਸਾਲ 2003 ਵਿੱਚ ਇਸ ਨੂੰ ਭਾਰਤ ਵਿੱਚ ਸ਼ੁਰੂ ਕੀਤਾ ਗਿਆ। ਪੜਾਅਵਾਰ ਸਿਖਲਾਈ ਅਤੇ ਨਿਯਮਤ ਅਭਿਆਸ ਰਾਹੀਂ ਇਹ ਪ੍ਰੋਗਰਾਮ ਬੱਚਿਆਂ ਦੀ ਅੰਕਾਂ ਸਬੰਧੀ ਸਮਰੱਥਾ ਅਤੇ ਮਾਨਸਿਕ ਗਣਨਾ ਦੇ ਹੁਨਰ ਦੇ ਨਾਲ-ਨਾਲ ਗਤੀ, ਸ਼ੁੱਧਤਾ, ਇਕਾਗਰਤਾ, ਕਲਪਨਾ ਸ਼ਕਤੀ ਅਤੇ ਆਤਮ-ਵਿਸ਼ਵਾਸ ਨੂੰ ਵਿਕਸਤ ਕਰਨ ’ਤੇ ਕੇਂਦਰਿਤ ਹੈ।























