ਚੰਡੀਗੜ੍ਹ, 23 ਅਕਤੂਬਰ (ਵਿਸ਼ਵ ਵਾਰਤਾ) ਸਮ੍ਰਿਤੀ ਮੰਧਾਨਾ ਦੀ ਕਪਤਾਨੀ ਹੇਠ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਜ਼ਿੰਬਾਬਵੇ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਵਡੋਦਰਾ ਦੇ ਕੋਟੰਬੀ ਸਥਿਤ ਬੀਸੀਏ ਸਟੇਡੀਅਮ ਵਿੱਚ ਖੇਡਿਆ, ਜਿੱਥੇ ਭਾਰਤ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਭਾਰਤੀ ਮਹਿਲਾ ਟੀਮ ਨੇ ਪਹਿਲੇ ਵਨਡੇ ਵਿੱਚ ਜ਼ਿੰਬਾਬਵੇ ਨੂੰ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤੀ ਬੱਲੇਬਾਜ਼ ਪ੍ਰਤਿਕਾ ਰਾਵਲ ਨੇ ਨਾਬਾਦ 100 ਦੌੜਾਂ ਬਣਾਈਆਂ, ਜਦਕਿ ਸ਼ੈਫਾਲੀ ਵਰਮਾ ਨੇ 33 ਗੇਂਦਾਂ ਵਿੱਚ ਨਾਬਾਦ 64 ਦੌੜਾਂ ਦੀ ਪਾਰੀ ਖੇਡੀ। ਇਸ ਜੋੜੀ ਨੇ ਦੂਜੀ ਵਿਕਟ ਲਈ ਸਿਰਫ਼ 70 ਗੇਂਦਾਂ ਵਿੱਚ 106 ਦੌੜਾਂ ਜੋੜੀਆਂ।
ਜ਼ਿਕਰਯੋਗ ਹੈ ਕਿ ਭਾਰਤ ਨੇ ਮੰਧਾਨਾ ਦੀ ਕਪਤਾਨੀ ਦੇ ਸ਼ੁਰੂਆਤੀ ਦੌਰ ਵਿੱਚ ਜ਼ਿੰਬਾਬਵੇ ਨੂੰ ਟੀ-20 ਸੀਰੀਜ਼ ਵਿੱਚ 3-0 ਨਾਲ ਹਰਾਇਆ ਸੀ।
ਜ਼ਿੰਬਾਬਵੇ ਨੇ ਪਹਿਲੇ ਮਹਿਲਾ ਵਨਡੇ ਮੈਚ ਵਿੱਚ ਭਾਰਤ ਸਾਹਮਣੇ 198 ਦੌੜਾਂ ਦਾ ਟੀਚਾ ਰੱਖਿਆ ਸੀ। ਵਡੋਦਰਾ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਭਾਰਤ ਵੱਲੋਂ ਸ੍ਰੀ ਚਰਨੀ ਨੇ 4 ਵਿਕਟਾਂ ਲਈਆਂ, ਜਦਕਿ ਕ੍ਰਾਂਤੀ ਗੌਡ ਨੇ 42 ਦੌੜਾਂ ਦੇ ਕੇ 3 ਬੱਲੇਬਾਜ਼ਾਂ ਨੂੰ ਆਊਟ ਕੀਤਾ। ਦੀਪਤੀ ਸ਼ਰਮਾ ਨੇ 2 ਵਿਕਟਾਂ ਅਤੇ ਸ਼ਫਾਲੀ ਵਰਮਾ ਨੇ 1 ਵਿਕਟ ਲਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਵਾਲੀ ਜ਼ਿੰਬਾਬਵੇ ਦੀ ਟੀਮ 49.5 ਓਵਰਾਂ ਵਿੱਚ 197 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ਵਿੱਚ, ਭਾਰਤ ਨੇ 27.1 ਓਵਰਾਂ ਵਿੱਚ ਸਿਰਫ਼ ਇੱਕ ਵਿਕਟ ਗੁਆ ਕੇ 200 ਦੌੜਾਂ ਬਣਾਈਆਂ ਅਤੇ 137 ਗੇਂਦਾਂ ਬਾਕੀ ਰਹਿੰਦਿਆਂ ਹੀ ਟੀਚਾ ਹਾਸਲ ਕਰ ਲਿਆ।























