ਵਿਜੀਲੈਂਸ ਵੱਲੋਂ ਪੰਜਾਬ ਵਕਫ਼ ਬੋਰਡ ਦੇ ਤਿੰਨ ਮੁਲਾਜਮ 35,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

48
Advertisement

ਚੰਡੀਗੜ੍ਹ, 8 ਜੁਲਾਈ: ਪੰਜਾਬ ਵਿਜੀਲੈਂਸ ਬਿਊਰੋ ਵਲੋਂ ਅੱਜ ਪੰਜਾਬ ਵਕਫ਼ ਬੋਰਡ ਜਲੰਧਰ ਦੇ ਦਫਤਰ ਵਿਖੇ ਤਾਇਨਾਤ ਤਿੰਨ ਮੁਲਾਜਮਾਂ ਨੂੰ 35,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਓਰੋ ਵਲੋਂ ਪੰਜਾਬ ਵਕਫ਼ ਬੋਰਡ ਜਲੰਧਰ ਦੇ ਦਫਤਰ ਵਿਖੇ ਤਾਇਨਾਤ ਅਸਟੇਟ ਅਫਸਰ ਅਲੀ ਹਸਨ, ਮੁਹੰਮਦ ਯਾਸਿਨ ਕਲਰਕ ਅਤੇ ਮੁਹੰਮਦ ਯੂਸਫ ਸੇਵਾਦਾਰ ਨੂੰ ਸ਼ਿਕਾਇਤਕਰਤਾ ਮੋਹਨ ਲਾਲ ਵਾਸੀ ਸੁੰਦਰ ਨਗਰ, ਜਲੰਧਰ ਦੀ ਸ਼ਿਕਾਇਤ ‘ਤੇ 35,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ।

ਇਸ ਸਬੰਧੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਪੰਜਾਬ ਵਕਫ਼ ਬੋਰਡ ਵਲੋਂ ਉਸ ਨੂੰ ਲੀਜ਼ ‘ਤੇ ਅਲਾਟ ਕੀਤੇ ਪਲਾਟ ਦੇ ਬਕਾਇਆ ਪਏ ਕਿਰਾਏ ਨੂੰ ਸੈਟਲ ਕਰਨ ਬਦਲੇ 40,000 ਰੁਪਏ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਵਲੋਂ ਪਹਿਲਾਂ ਹੀ 5,000 ਰੁਪਏ ਰਿਸ਼ਵਤ ਵਜੋਂ ਉਕਤ ਦੋਸ਼ੀਆਂ ਨੂੰ ਅਦਾ ਕੀਤੇ ਜਾ ਚੁੱਕੇ ਹੈ।

ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਤਿੰਨਾਂ ਦੋਸ਼ੀਆਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 35,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਜਲੰਧਰ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।