ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਣ ਲਈ ਕੱਲ੍ਹ ਨਿਊਜ਼ੀਲੈਂਡ ਨਾਲ ਭਿੜੇਗੀ ਟੀਮ ਇੰਡੀਆ

10
Advertisement

ਮੈਨਚੈਸਟਰ, 8 ਜੁਲਾਈ – ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ ਮੁਕਾਬਲਾ ਕੱਲ੍ਹ 9 ਜੁਲਾਈ ਨੂੰ ਮੈਨਚੈਸਟਰ ਵਿਖੇ ਹੋਣ ਜਾ ਰਿਹਾ ਹੈ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3.00 ਵਜੇ ਸ਼ੁਰੂ ਹੋਵੇਗਾ।

ਦੱਸਣਯੋਗ ਹੈ ਕਿ ਜਿਹੜੀ ਟੀਮ ਇਹ ਮੈਚ ਜਿੱਤੇਗੀ, ਉਹ ਸਿੱਧਾ ਫਾਈਨਲ ਵਿਚ ਪਹੁੰਚ ਜਾਵੇਗੀ, ਜਿਥੇ ਉਸ ਦੀ ਟੱਕਰ ਆਸਟ੍ਰੇਲੀਆ ਜਾਂ ਇੰਗਲੈਂਡ ਨਾਲ ਹੋ ਸਕਦੀ ਹੈ।

ਭਾਰਤ ਦੀਆਂ ਨਜ਼ਰਾਂ ਤੀਸਰੇ ਖਿਤਾਬ ਉਤੇ

ਭਾਰਤ ਨੇ 1983 ਵਿਚ ਵਿਸ਼ਵ ਕੱਪ ਆਪਣੇ ਨਾਮ ਕੀਤਾ ਸੀ, ਫਿਰ ਉਸ ਨੇ 28 ਸਾਲਾਂ ਬਾਅਦ 2011 ਵਿਚ ਇਹ ਖਿਤਾਬ ਆਪਣੇ ਨਾਮ ਕੀਤਾ। ਭਾਰਤ ਦੀਆਂ ਨਜ਼ਰਾਂ ਫਿਰ ਤੋਂ ਇਤਿਹਾਸ ਬਣਾਉਣ ਉਤੇ ਹਨ।

ਭਾਰਤੀ ਟੀਮ ਦਾ ਪਲੜਾ ਭਾਰੀ

ਇਸ ਟੂਰਨਾਮੈਂਟ ਵਿਚ ਟੀਮ ਇੰਡੀਆ ਨੰਬਰ ਇਕ ਸਥਾਨ ਉਤੇ ਹੈ, ਜਦਕਿ ਨਿਊਜੀਲੈਂਡ ਦੀ ਟੀਮ ਨੰਬਰ ਚਾਰ ਉਤੇ। ਇਸ ਦੌਰਾਨ ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਦਾ ਪਲੜਾ ਭਾਰੀ ਹੈ। ਭਾਰਤ ਦੀ ਸਲਾਮੀ ਜੋੜੀ ਰੋਹਿਤ ਤੇ ਰਾਹੁਲ ਤੋਂ ਇਲਾਵਾ ਜੇਕਰ ਕੋਹਲੀ ਰਨ ਬਣਾਉਂਦੇ ਹਨ ਤਾਂ ਨਿਸ਼ਚਿਤ ਹੀ ਇਹ ਮੈਚ ਭਾਰਤ ਜਿੱਤੇਗਾ।