Punjab: ਪਰਮਿੰਦਰ ਸਿੰਘ ਝੋਟਾ ਕਤਲਕਾਂਡ: ਮਾਨਸਾ ਪਹੁੰਚੀ CBI ਦੀ ਟੀਮ ਨੇ ਪਰਿਵਾਰ ਤੋਂ ਜਾਣਕਾਰੀ ਕੀਤੀ ਹਾਸਲ
– ਤਿੰਨ ਮੈਂਬਰੀ CBI ਟੀਮ ਨੇ ਜਾਂਚ ਕੀਤੀ ਸ਼ੁਰੂ, ਦਰਜ ਹੋਈ ਨਵੀਂ FIR
ਚੰਡੀਗੜ੍ਹ, 21 ਅਕਤੂਬਰ 2026 (ਵਿਸ਼ਵ ਵਾਰਤਾ/ਜੋਗਿੰਦਰ ਸਿੰਘ ਮਾਨ) ਪਰਮਿੰਦਰ ਸਿੰਘ ਝੋਟਾ ਕਤਲਕਾਂਡ ਮਾਮਲੇ ਵਿੱਚ ਜਾਂਚ ਤੇਜ਼ ਹੋ ਗਈ ਹੈ। ਮਾਮਲੇ ਦੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ (CBI) ਦੀ ਟੀਮ ਦੇਰ ਰਾਤ ਮਾਨਸਾ ਪਹੁੰਚ ਗਈ ਸੀ। ਸੀਬੀਆਈ ਟੀਮ ਨੇ ਮਾਨਸਾ ਪਹੁੰਚ ਕੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਮਾਨਸਾ ਪੁਲਿਸ ਅਧਿਕਾਰੀਆਂ ਨੇ ਅੱਧੀ ਰਾਤ ਨੂੰ ਹੀ ਝੋਟਾ ਕਤਲ ਕਾਂਡ ਨਾਲ ਸਬੰਧਤ ਫਾਈਲ ਸੀਬੀਆਈ ਨੂੰ ਸੌਂਪ ਦਿੱਤੀ ਸੀ। ਜਿਸ ਤੋਂ ਬਾਅਦ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ‘ਚ CBI ਨੇ ਨਵੀਂ FIR ਦਰਜ ਕਰ ਲਈ ਹੈ। FIR ਦਰਜ ਕਰਨ ਮਗਰੋਂ ਬੁੱਧਵਾਰ ਸਵੇਰੇ CBI ਦੇ ਅਧਿਕਾਰੀ ਪਰਮਿੰਦਰ ਸਿੰਘ ਝੋਟਾ ਦੇ ਘਰ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ।
ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਅਤੇ ਇਨਸਾਫ਼ ਕਮੇਟੀ ਵੱਲੋਂ ਲਗਾਤਾਰ ਇਸ ਕਤਲਕਾਂਡ ਦੀ CBI ਜਾਂਚ ਦੀ ਮੰਗ ਕੀਤੀ ਜਾ ਰਹੀ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਮਾਨਸਾ ਦੌਰੇ ਦੌਰਾਨ ਪਰਿਵਾਰ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ CBI ਦੀ ਟੀਮ ਦੇ ਮਾਨਸਾ ਪਹੁੰਚਣ ਨਾਲ ਜਾਂਚ ਪ੍ਰਕਿਰਿਆ ਅੱਗੇ ਵਧਣ ਦੀ ਉਮੀਦ ਜਾਗੀ ਹੈ।
ਚੰਡੀਗੜ੍ਹ ਵਿੱਚ ਦਰਜ ਹੋਈ FIR
ਮਿਲੀ ਜਾਣਕਾਰੀ ਅਨੁਸਾਰ, CBI ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚੰਡੀਗੜ੍ਹ ਵਿਖੇ FIR ਦਰਜ ਕੀਤੀ ਜਾ ਚੁੱਕੀ ਹੈ। ਜਾਂਚ ਲਈ ਤਿੰਨ ਮੈਂਬਰੀ CBI ਟੀਮ ਮਾਨਸਾ ਪਹੁੰਚੀ ਹੈ। ਟੀਮ ਨੇ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਪੁੱਛਗਿੱਛ ਕੀਤੀ ਅਤੇ ਮਾਮਲੇ ਨਾਲ ਸਬੰਧਤ ਤੱਥਾਂ ਬਾਰੇ ਜਾਣਕਾਰੀ ਇਕੱਠੀ ਕੀਤੀ।
ਹੁਣ ਜਾਂਚ ਦੌਰਾਨ ਕਤਲਕਾਂਡ ਨਾਲ ਜੁੜੇ ਕਿਹੜੇ ਪਹਿਲੂਆਂ ਦੀ ਪੜਤਾਲ ਕੀਤੀ ਜਾਂਦੀ ਹੈ ਅਤੇ ਕਿਹੜੇ ਨਵੇਂ ਤੱਥ ਸਾਹਮਣੇ ਆਉਂਦੇ ਹਨ, ਇਸ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਦਿਸ਼ਾ ਵਿੱਚ CBI ਦੀ ਜਾਂਚ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























