ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੇ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿਉਂ ਲਿਖੀ ਚਿੱਠੀ

8
Advertisement

ਪੰਜਾਬ ਦੇ ਸਹਿਕਾਰਤਾ ਅਤੇ ਜੇਲ ਵਿਭਾਗ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਲਿਖੀ ਗਈ ਚਿੱਠੀ
ਸੇਵਾ ਵਿਖੇ
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ,
ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ,
ਸ੍ਰੀ ਅੰਮਿ੍ਰਤਸਰ ਸਾਹਿਬ।

ਵਿਸ਼ਾ:- ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਵਿੱਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਭਾਏ ਜਾ ਰਹੇ ਇਤਰਾਜ਼ਯੋਗ ਰੋਲ ਸਬੰਧੀ।
ਸ੍ਰੀਮਾਨ ਸਿੰਘ ਸਾਹਿਬ ਜੀਓ,
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਪੰਜਾਬ ਵਿੱਚ ਸਾਰੀਆਂ ਧਿਰਾਂ ਵੱਲੋਂ ਸਾਂਝੇ ਤੌਰ ਉਤੇ ਮਨਾਉਣ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਕੀਤੀ ਗਈ ਪਹਿਲ ਕਦਮੀ ਵਜੋਂ ਦਾਸ ਆਪਣੇ ਦੋ ਹੋਰ ਸਾਥੀ ਵਜ਼ੀਰਾਂ ਸਮੇਤ ਪਿਛਲੇ ਦਿਨੀਂ ਆਪ ਜੀ ਅਤੇ ਸ਼ੋ੍ਰਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਜੀ ਨੂੰ ਮਿਲਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਫ਼ਤਰ ਅੰਦਰ ਬਹੁਤ ਹੀ ਸਦਭਾਵਨਾ ਵਾਲੇ ਮਾਹੌਲ ਵਿੱਚ ਹੋਈ ਇਸ ਮੀਟਿੰਗ ਵਿੱਚ ਹੋਏ ਭਰਵੇਂ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਹੋਇਆ ਸੀ ਕਿ ਗੁਰੂਦੁਆਰਾ ਸਾਹਿਬਾਨ ਦੇ ਅੰਦਰਲੇ ਸਾਰੇ ਸਮਾਗਮ ਸ਼ੋ੍ਰਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਅਤੇ ਬਾਹਰਲੇ ਪ੍ਰਬੰਧ ਪੰਜਾਬ ਸਰਕਾਰ ਕਰੇਗੀ। ਇਹ ਵੀ ਤੈਅ ਹੋ ਗਿਆ ਸੀ ਕਿ ਮੁੱਖ ਸਮਾਗਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ, ਸਮਾਪਤੀ ਸਮੇਂ ਅਰਦਾਸ ਕਰਨ, ਹੁਕਮਨਾਮਾ ਲੈਣ ਅਤੇ ਕੜਾਹ ਪ੍ਰਸ਼ਾਦ ਵਰਤਾਉਣ ਦੀ ਸੇਵਾ ਵੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ।
ਇਹਨਾਂ ਫੈਸਲਿਆਂ ਤੋਂ ਬਿਨਾਂ ਇਹ ਵੀ ਤੈਅ ਹੋਇਆ ਸੀ ਕਿ ਮੁੱਖ ਸਮਾਗਮ ਦੀ ਰੂਪ ਰੇਖਾ ਉਲੀਕਣ ਅਤੇ ਇਸ ਮੌਕੇ ਉਤੇ ਦੁਨੀਆਂ ਭਰ ਵਿੱਚ ਪ੍ਰਮੁੱਖ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਸੱਦਾ ਦੇਣ ਵਰਗੇ ਹੋਰ ਮਹੱਤਵਪੂਰਨ ਮਾਮਲਿਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਛੇਤੀ ਹੀ ਸ੍ਰੀ ਅੰਮਿ੍ਰਤਸਰ ਸਾਹਿਬ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਇੱਕ ਮੀਟਿੰਗ ਕਰਨਗੇ।
ਸਿੰਘ ਸਾਹਿਬ ਜੀਓ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਪਹਿਲ ਕਦਮੀ ਸਦਕਾ ਹੋਈ ਇਸ ਮੀਟਿੰਗ ਦਾ ਪੂਰੇ ਸਿੱਖ ਜਗਤ ਵਿੱਚ ਬਹੁਤ ਹੀ ਚੰਗਾ ਪ੍ਰਭਾਵ ਗਿਆ ਸੀ ਕਿਉਂਕਿ ਹਰ ਗੁਰੂ ਨਾਨਕ ਨਾਮ ਲੇਵਾ ਪ੍ਰਾਣੀ ਇਹ ਚਾਹੁੰਦਾ ਹੈ ਕਿ ਸਾਲ 1999 ਵਿਚ ਖਾਲਸਾ ਪੰਥ ਦੀ ਤੀਜੀ ਜਨਮ ਸ਼ਤਾਬਦੀ ਅਤੇ ਉਸ ਤੋਂ ਬਾਅਦ ਆਈਆਂ ਹੋਰ ਇਤਿਹਾਸਕ ਸ਼ਤਾਬਦੀਆਂ ਤੋਂ ਉਲਟ ਇਹ ਸ਼ਤਾਬਦੀ ਸਾਰੀਆਂ ਸਬੰਧਤ ਧਿਰਾਂ ਵੱਲੋਂ ਮਿਲ ਜੁਲ ਕੇ ਮਨਾਈ ਜਾਣੀ ਚਾਹੀਦੀ ਹੈ।
ਪਰ ਬੜੇ ਹੀ ਅਫ਼ਸੋਸ ਨਾਲ ਸਾਨੂੰ ਆਪ ਜੀ ਦੇ ਧਿਆਨ ਵਿਚ ਲਿਆਉਣਾ ਪੈ ਰਿਹਾ ਹੈ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਇੱਕ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿਚ ਖੇਡਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਵਫ਼ਦ ਦਾ ਹਿੱਸਾ ਬਣ ਕੇ ਮੁਲਕ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਪ੍ਰਕਾਸ਼ ਪੁਰਬ ਵਿਚ ਸ਼ਾਮਲ ਹੋਣ ਦਾ ਸੱਦਾ ਪੱਤਰ ਦੇਣ ਚਲੇ ਗਏ। ਸਿੰਘ ਸਾਹਿਬ ਜੀਓ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਦੀ ਇਸ ਕਾਰਵਾਈ ਨਾਲ ਜਿੱਥੇ ਸਿੱਖ ਜਗਤ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਵਕਾਰ ਨੂੰ ਠੇਸ ਪਹੁੰਚੀ ਹੈ, ਉਥੇ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ 550ਵਾਂ ਇਤਿਹਾਸਕ ਦਿਹਾੜਾ ਰਲ ਮਿਲ ਕੇ ਮਨਾਉਣ ਦੇ ਕੀਤੇ ਗਏ ਯਤਨਾਂ ਨੂੰ ਵੀ ਢਾਹ ਲੱਗੀ ਹੈ।
ਸਿੰਘ ਸਾਹਿਬ ਜੀਓ, ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਇਤਿਹਾਸਕ ਪ੍ਰਕਾਸ਼ ਪੁਰਬ ਪੰਜਾਬ ਵਿਚ ਮਨਾਉਣ ਲਈ ਦੋ ਹੀ ਪ੍ਰਮੁੱਖ ਧਿਰਾਂ ਹਨ। ਇੱਕ ਲੋਕਾਂ ਦੁਆਰਾ ਚੁਣੀ ਹੋਈ ਪੰਜਾਬ ਸਰਕਾਰ ਅਤੇ ਦੂਜੀ ਸਿੱਖ ਜਗਤ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰੂਦਆਰਾ ਪ੍ਰਬੰਧਕ ਕਮੇਟੀ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਦਿਲੀ ਇੱਛਾ ਇਹ ਹੈ ਕਿ ਇਹ ਇਤਿਹਾਸਕ ਦਿਹਾੜਾ ਦੋਵੇਂ ਧਿਰਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਦੇਖ ਰੇਖ ਅਤੇ ਰਹਿਨੁਮਾਈ ਹੇਠ ਰਲ ਮਿਲ ਕੇ ਮਨਾਉਣ। ਸੂਬੇ ਦੀਆਂ ਰਾਜਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਇਸ ਮਹਾਨ ਕਾਰਜ ਵਿਚ ਆਪਣਾ ਆਪਣਾ ਸਹਿਯੋਗ ਦੇਣ। ਸਮੂਹ ਸਿੱਖ ਜਗਤ ਅਤੇ ਹਰ ਪੰਜਾਬੀ ਦੀ ਵੀ ਦਿਲੀ ਭਾਵਨਾ ਇਹੀ ਹੈ।
ਪਰ ਹੁਣ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੇ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਵਜੋਂ ਆਪਣੇ ਫ਼ਰਜ਼ ਨਿਭਾਉਣ ਦੀ ਥਾਂ ਇੱਕ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੱਗ ਬਣ ਕੇ ਜਿੱਥੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਉਥੇ ਪੰਜਾਬ ਸਰਕਾਰ ਵੱਲੋਂ ਬਾਬਾ ਨਾਨਕ ਦਾ ਇਤਿਹਾਸਕ ਪ੍ਰਕਾਸ਼ ਪੁਰਬ ਸਾਂਝੇ ਤੌਰ ਉਤੇ ਮਨਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਦੋਹਾਂ ਧਿਰਾਂ ਦਾ ਆਪਸੀ ਵਿਸ਼ਵਾਸ਼ ਤਿੜਕਿਆ ਹੈ ਅਤੇ ਬੇਲੋੜੇ ਸ਼ੱਕ ਸੁਭੇ ਉਭਰੇ ਹਨ।
ਸਾਨੂੰ ਇਸ ਇਤਿਹਾਸਕ ਦਿਹਾੜੇ ਉਤੇ ਹੋਣ ਵਾਲੇ ਮੁੱਖ ਸਮਾਗਮ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸ਼ਮੂਲੀਅਤ ਉਤੇ ਕੋਈ ਇਤਰਾਜ਼ ਨਹੀਂ ਹੈ। ਪਰ ਜਿਸ ਢੰਗ ਨਾਲ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਸ਼੍ਰੋਮਣੀ ਅਕਾਲੀ ਦਲ ਦੀ ਸੌੜੀ ਸਿਆਸਤ ਤਹਿਤ ਇਹ ਸੱਦਾ ਦੇ ਕੇ ਆਏ ਹਨ ਉਸ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਲੱਗੀ ਹੈ। ਬਿਹਤਰ ਇਹ ਹੋਣਾ ਸੀ ਕਿ ਤੁਹਾਡੇ ਨਾਲ ਹੋਣ ਵਾਲੀ ਮੁੱਖ ਮੰਤਰੀ ਦੀ ਜੀ ਮੀਟਿਗ ਵਿੱਚ ਜਿਹੜੀਆਂ ਪ੍ਰਮੁੱਖ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਬੁਲਾਉਣ ਦਾ ਫੈਸਲਾ ਹੁੰਦਾ ਉਹਨਾਂ ਨੂੰ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਾਂਝੇ ਤੌਰ ਉਤੇ ਸੱਦਾ ਪੱਤਰ ਭੇਜੇ ਜਾਂਦੇ। ਪ੍ਰਧਾਨ ਮੰਤਰੀ ਜੀ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਂਝੇ ਤੌਰ ਉਤੇ ਸੱਦਾ ਦੇਣ ਜਾਂਦੇ।
ਸਿੰਘ ਸਾਹਿਬ ਜੀਓ, ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਮਹਿਸੂਸ ਕਰ ਰਹੀਆਂ ਹਨ ਕਿ ਸ਼ੋ੍ਰਮਣੀ ਅਕਾਲੀ ਦਲ ਬੀਤੇ ਦੀ ਤਰਾਂ ਹੀ ਇਸ ਇਤਿਹਾਸਕ ਦਿਹਾੜੇ ਮੌਕੇ ਹੋਣ ਵਾਲੇ ਸਮਾਗਮਾਂ ਨੂੰ ਖਾਲਸਾ ਪੰਥ ਦੀ ਚੜਦੀ ਕਲਾਂ ਦੀ ਥਾਂ ਨਿਰੋਲ ਆਪਣੇ ਸੌੜੇ ਸਿਆਸੀ ਮੁਫ਼ਾਦਾਂ ਲਈ ਵਰਤਣਾ ਚਾਹੁੰਦਾ। ਪਰ ਸਿੱਖ ਜਗਤ ਇਹ ਚਾਹੁੰਦਾ ਹੈ ਕਿ ਇਹ ਇਤਿਹਾਸਕ ਦਿਹਾੜਾ ਇਸ ਸ਼ਾਨਾਮੱਤੇ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ ਕਿ ਪੂਰੀ ਦੁਨੀਆਂ ਵਿੱਚ ਸਿੱਖਾਂ ਦੀ ਚੜਦੀ ਕਲਾ ਹੋਵੇ। ਪੂਰੇ ਸਿੱਖ ਜਗਤ ਦੀਆਂ ਨਜ਼ਰਾਂ ਇਸ ਵੇਲੇ ਤੁਹਾਡੇ ਉਤੇ ਲੱਗੀਆਂ ਹੋਈਆਂ ਹਨ ਕਿ ਤੁਸੀਂ ਆਪਣਾ ਇਤਿਹਾਸਕ ਰੋਲ ਕਿਸ ਤਰਾਂ ਨਿਭਾਉਂਦੇ ਹੋ। ਜਥੇਦਾਰ ਸਾਹਿਬ ਜੀਓ, ਇਸ ਤਿੜਕੇ ਵਿਸ਼ਵਾਸ਼ ਨੂੰ ਮੁੜ ਬਹਾਲ ਕਰਨ ਲਈ ਸਾਨੂੰ ਗੁਰੂ ਸਾਹਿਬਾਨ ਵੱਲੋਂ ਵਿਖਾਏ ਗਏ ਮਾਰਗ ਉਤੇ ਤੁਰਨਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ:
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।।
ਹਰਿ ਲਾਮੈ ਕੀ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ।।
ਦਾਸ ਦੀ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਸ਼ੀਘਰ ਹੀ ਦੋਵੇਂ ਧਿਰਾਂ ਦੀ ਇੱਕ ਸਾਂਝੀ ਇਕੱਤਰਤਾ ਬੁਲਾ ਕੇ ਇਸ ਇਤਿਹਾਸਕ ਦਿਹਾੜੇ ਨੂੰ ਸਿੱਖ ਸਿਧਾਂਤਾਂ, ਇਤਿਹਾਸਕ ਪ੍ਰੰਪਰਾਵਾਂ ਅਤੇ ਪੰਥਕ ਰਹੁਰੀਤਾਂ ਅਨੁਸਾਰ ਮਨਾਉਣ ਲਈ ਆਪਣੀ ਰਹਿਨੁਮਾਈ ਪ੍ਰਦਾਨ ਕਰੋ।
ਸਤਿਕਾਰ ਸਹਿਤ।
ਆਪ ਜੀ ਦਾ ਦਾਸ
(ਸੁਖਜਿੰਦਰ ਸਿੰਘ ਰੰਧਾਵਾ)