Punjab ਦੇ ਜੀ.ਐੱਸ.ਟੀ. ਵਿਭਾਗ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ
– ਕਈ ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 17 ਅਕਤੂਬਰ (ਵਿਸ਼ਵ ਵਾਰਤਾ): ਪੰਜਾਬ ਦੇ ਜੀ.ਐੱਸ.ਟੀ. ਵਿਭਾਗ ਵਿੱਚ ਕੀਤੇ ਗਏ ਸਮੂਹਿਕ ਤਬਾਦਲਿਆਂ ਤਹਿਤ ਕਈ ਅਧਿਕਾਰੀਆਂ ਦੀਆਂ ਤਾਇਨਾਤੀਆਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਫੇਰਬਦਲ ਤਹਿਤ ਅੰਮ੍ਰਿਤਸਰ ਵਿੱਚ ਤਾਇਨਾਤ ਰਹੇ ਮਹੇਸ਼ ਗੁਪਤਾ ਨੂੰ ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਜੀ.ਐੱਸ.ਟੀ. ਵਜੋਂ ਨਿਯੁਕਤ ਕੀਤਾ ਗਿਆ ਹੈ, ਜਦਕਿ ਜੁਆਇੰਟ ਕਮਿਸ਼ਨਰ ਰਾਜਵਿੰਦਰ ਕੌਰ ਨੂੰ ਹੈੱਡ ਆਫ਼ਿਸ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।
ਵਿਭਾਗੀ ਹੁਕਮਾਂ ਅਨੁਸਾਰ ਸਹਾਇਕ ਕਮਿਸ਼ਨਰ ਮਧੂਸੂਦਨ ਸ਼ਰਮਾ ਨੂੰ ਮੋਬਾਈਲ ਵਿੰਗ ਤੋਂ ਪਠਾਨਕੋਟ ਮੋਬਾਈਲ ਵਿੰਗ ਵਿੱਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਸੰਦੀਪ ਕੁਮਾਰ ਸ਼ਰਮਾ ਅੰਮ੍ਰਿਤਸਰ ਮੋਬਾਈਲ ਵਿੰਗ ਵਿੱਚ ਸਹਾਇਕ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਉਣਗੇ।
ਇਸੇ ਤਰ੍ਹਾਂ ਈ.ਟੀ.ਓ. ਭੂਪੇਂਦਰ ਭਾਟੀਆ ਦਾ ਮੋਬਾਈਲ ਵਿੰਗ ਤੋਂ ਅੰਮ੍ਰਿਤਸਰ-1 ਵਿੱਚ ਤਬਾਦਲਾ ਕੀਤਾ ਗਿਆ ਹੈ। ਜੁਆਇੰਟ ਕਮਿਸ਼ਨਰ ਰਾਜਵਿੰਦਰ ਕੌਰ ਦੇ ਤਬਾਦਲੇ ਤੋਂ ਬਾਅਦ ਡੀ.ਈ.ਟੀ.ਸੀ. ਰਾਜਵਿੰਦਰ ਕੌਰ ਬਾਜਵਾ ਨੂੰ ਅੰਮ੍ਰਿਤਸਰ ਵਿੱਚ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ।
ਅੰਮ੍ਰਿਤਸਰ ਵਿੱਚ ਤਾਇਨਾਤ ਡਿਪਟੀ ਕਮਿਸ਼ਨਰ ਜੀ.ਐੱਸ.ਟੀ. ਅਜੇ ਸ਼ਰਮਾ ਦਾ ਤਬਾਦਲਾ ਬਠਿੰਡਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਹਾਇਕ ਕਮਿਸ਼ਨਰ ਗਗਨ ਸ਼ਰਮਾ ਨੂੰ ਅੰਮ੍ਰਿਤਸਰ ਤੋਂ ਲੁਧਿਆਣਾ ਭੇਜਿਆ ਗਿਆ ਹੈ।
ਅੰਮ੍ਰਿਤਸਰ-2 ਵਿੱਚ ਮਹੇਸ਼ ਗੁਪਤਾ ਦੀ ਥਾਂ ਮੈਡਮ ਮਨਿੰਦਰ ਵਿਰਦੀ ਨੂੰ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਤਬਾਦਲਿਆਂ ਨਾਲ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਜੀ.ਐੱਸ.ਟੀ. ਦਫ਼ਤਰਾਂ ਵਿੱਚ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਅਤੇ ਤਾਇਨਾਤੀਆਂ ਬਦਲ ਗਈਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























