National: ਸ਼ਿਮਲਾ ਸਮੇਤ ਹਿਮਾਚਲ ਦੇ ਕਈ ਇਲਾਕਿਆਂ ’ਚ ਭੂਚਾਲ ਦੇ ਝਟਕੇ, ਲੋਕਾਂ ’ਚ ਦਹਿਸ਼ਤ
ਸ਼ਿਮਲਾ, 17 ਅਕਤੂਬਰ (ਵਿਸ਼ਵ ਵਾਰਤਾ): ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਕਈ ਇਲਾਕਿਆਂ ਵਿੱਚ ਸ਼ਨੀਵਾਰ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਵੇਰੇ 4 ਵੱਜ ਕੇ 36 ਮਿੰਟ ’ਤੇ ਆਏ ਝਟਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਕਈ ਲੋਕ ਡਰ ਕਾਰਨ ਘਰਾਂ ਤੋਂ ਬਾਹਰ ਨਿਕਲ ਆਏ।
ਕੌਮੀ ਭੂਚਾਲ ਵਿਗਿਆਨ ਕੇਂਦਰ (NCS) ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 4.1 ਦਰਜ ਕੀਤੀ ਗਈ। ਹਾਲਾਂਕਿ, ਮੁੱਢਲੀ ਜਾਣਕਾਰੀ ਵਿੱਚ ਇਸ ਦੀ ਤੀਬਰਤਾ 4.3 ਦੱਸੀ ਗਈ ਸੀ।
ਭੂਚਾਲ ਦੇ ਝਟਕੇ ਸ਼ਿਮਲਾ ਤੋਂ ਇਲਾਵਾ ਸੂਬੇ ਦੇ ਹੋਰ ਇਲਾਕਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਤੜਕੇ ਆਏ ਝਟਕਿਆਂ ਕਾਰਨ ਲੋਕ ਸਹਿਮ ਗਏ, ਪਰ ਰਾਹਤ ਦੀ ਗੱਲ ਹੈ ਕਿ ਹੁਣ ਤੱਕ ਕਿਸੇ ਵੀ ਥਾਂ ਤੋਂ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ। ਨਾ ਹੀ ਇਮਾਰਤਾਂ ਵਿੱਚ ਤਰੇੜਾਂ ਆਉਣ ਦੀ ਕੋਈ ਸੂਚਨਾ ਸਾਹਮਣੇ ਆਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























