ਪੰਜਾਬ ਸਰਕਾਰ ਨੇ 9.75 ਕਰੋੜ ਰੁਪਏ ਦੀ ਮੁਫ਼ਤ ਸੈਨੇਟਰੀ ਪੈਡ ਯੋਜਨਾ ਰਾਹੀਂ ਮਹਿਲਾਵਾਂ ਦੀ ਮਾਹਵਾਰੀ ਸਿਹਤ ਅਤੇ ਸਨਮਾਨ ਨੂੰ ਦਿੱਤਾ ਮਜ਼ਬੂਤ ਸਹਾਰਾ: ਡਾ. ਬਲਜੀਤ ਕੌਰ
2.45 ਕਰੋੜ ਤੋਂ ਵੱਧ ਸੈਨੇਟਰੀ ਪੈਡ ਵੰਡੇ ਗਏ, ਪੰਜਾਬ ਭਰ ਦੀਆਂ 13.65 ਲੱਖ ਤੋਂ ਵੱਧ ਮਹਿਲਾਵਾਂ ਨੂੰ ਮਿਲਿਆ ਲਾਭ
‘ਨਵੀਂ ਦਿਸ਼ਾ’ ਯੋਜਨਾ ਤਹਿਤ 27,314 ਆਂਗਣਵਾੜੀ ਕੇਂਦਰਾਂ ਰਾਹੀਂ ਹਰ ਮਹੀਨੇ ਲੋੜਵੰਦ ਮਹਿਲਾਵਾਂ ਨੂੰ 9 ਸੈਨੇਟਰੀ ਪੈਡ ਮੁਫ਼ਤ ਕਰਵਾਏ ਜਾ ਰਹੇ ਮੁਹੱਈਆ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਮਹਿਲਾ ਦੀ ਸਿਹਤ, ਸਨਮਾਨ ਅਤੇ ਆਤਮ-ਵਿਸ਼ਵਾਸ ਯਕੀਨੀ ਬਣਾਉਣ ਲਈ ਵਚਨਬੱਧ
ਚੰਡੀਗੜ੍ਹ, 16 ਅਕਤੂਬਰ (ਵਿਸ਼ਵ ਵਾਰਤਾ);- ਮਹਿਲਾ-ਕੇਂਦਰਿਤ ਭਲਾਈ ਅਤੇ ਸਮਾਵੇਸ਼ੀ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਭਰ ਦੀਆਂ ਮਹਿਲਾਵਾਂ ਵਿੱਚ ਮਾਹਵਾਰੀ ਸਿਹਤ, ਸਫ਼ਾਈ ਅਤੇ ਸਨਮਾਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸ ਪਹਿਲ ਦਾ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਵੰਚਿਤ ਵਰਗਾਂ ਨਾਲ ਸਬੰਧਤ ਮਹਿਲਾਵਾਂ ਲਈ ਜ਼ਰੂਰੀ ਸਿਹਤ ਸਹੂਲਤਾਂ ਨੂੰ ਹੋਰ ਸੁਗਮ ਬਣਾਉਣਾ ਹੈ।
ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਸੂਬਾ ਸਰਕਾਰ ਵੱਲੋਂ ਲਗਭਗ 9.75 ਕਰੋੜ ਰੁਪਏ ਦੀ ਲਾਗਤ ਨਾਲ 2.45 ਕਰੋੜ ਤੋਂ ਵੱਧ ਸੈਨੇਟਰੀ ਪੈਡ ਮੁਫ਼ਤ ਵੰਡੇ ਗਏ ਹਨ, ਜਿਸ ਨਾਲ ਪੰਜਾਬ ਭਰ ਦੀਆਂ 13.65 ਲੱਖ ਤੋਂ ਵੱਧ ਮਹਿਲਾਵਾਂ ਨੂੰ ਲਾਭ ਮਿਲਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੁਰੱਖਿਅਤ ਮਾਹਵਾਰੀ ਸਫ਼ਾਈ ਉਤਪਾਦਾਂ ਤੱਕ ਪਹੁੰਚ ਸਿਰਫ਼ ਸਿਹਤ ਦੀ ਲੋੜ ਹੀ ਨਹੀਂ, ਸਗੋਂ ਮਹਿਲਾਵਾਂ ਦੇ ਸਨਮਾਨ, ਆਤਮ-ਵਿਸ਼ਵਾਸ ਅਤੇ ਸਸ਼ਕਤੀਕਰਨ ਨਾਲ ਵੀ ਜੁੜਿਆ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਮਾਹਵਾਰੀ ਸਫ਼ਾਈ ਸਬੰਧੀ ਜਾਗਰੂਕਤਾ ਵਿੱਚ ਵਾਧਾ ਹੋਇਆ ਹੈ ਅਤੇ ਵੰਚਿਤ ਪਿਛੋਕੜ ਵਾਲੀਆਂ ਮਹਿਲਾਵਾਂ ’ਤੇ ਪੈਣ ਵਾਲਾ ਆਰਥਿਕ ਬੋਝ ਵੀ ਘਟਿਆ ਹੈ, ਜਿਸ ਨਾਲ ਉਹ ਹੋਰ ਸਿਹਤਮੰਦ ਅਤੇ ਸਨਮਾਨਜਨਕ ਜੀਵਨ ਬਤੀਤ ਕਰ ਰਹੀਆਂ ਹਨ।
ਡਾ. ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ‘ਨਵੀਂ ਦਿਸ਼ਾ’ ਯੋਜਨਾ ਤਹਿਤ ਯੋਗ ਮਹਿਲਾਵਾਂ ਨੂੰ ਸੂਬੇ ਦੇ 27,314 ਆਂਗਣਵਾੜੀ ਕੇਂਦਰਾਂ ਰਾਹੀਂ ਹਰ ਮਹੀਨੇ 9 ਸੈਨੇਟਰੀ ਪੈਡ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ। ਇਹ ਵਿਸ਼ਾਲ ਵੰਡ ਪ੍ਰਣਾਲੀ ਖ਼ਾਸ ਕਰਕੇ ਪੇਂਡੂ ਅਤੇ ਪਿੱਛੜੇ ਖੇਤਰਾਂ ਵਿੱਚ ਮਾਹਵਾਰੀ ਸਫ਼ਾਈ ਉਤਪਾਦਾਂ ਦੀ ਨਿਯਮਤ ਉਪਲਬਧਤਾ ਯਕੀਨੀ ਬਣਾ ਰਹੀ ਹੈ।
ਯੋਜਨਾ ਦੇ ਵਿਆਪਕ ਸਮਾਜਿਕ ਪ੍ਰਭਾਵ ਨੂੰ ਉਜਾਗਰ ਕਰਦਿਆਂ ਮੰਤਰੀ ਨੇ ਕਿਹਾ ਕਿ ਇਹ ਪਹਿਲ ਮਾਹਵਾਰੀ ਨਾਲ ਜੁੜੀਆਂ ਰੂੜ੍ਹੀਵਾਦੀ ਧਾਰਨਾਵਾਂ ਅਤੇ ਗਲਤਫ਼ਹਿਮੀਆਂ ਨੂੰ ਦੂਰ ਕਰਨ ਵਿੱਚ ਸਹਾਇਕ ਸਾਬਤ ਹੋ ਰਹੀ ਹੈ। ਇਸ ਰਾਹੀਂ ਖੁੱਲ੍ਹੀ ਗੱਲਬਾਤ ਨੂੰ ਉਤਸ਼ਾਹ ਮਿਲ ਰਿਹਾ ਹੈ, ਜਾਗਰੂਕਤਾ ਵਧ ਰਹੀ ਹੈ ਅਤੇ ਮਹਿਲਾਵਾਂ ਤੇ ਕਿਸ਼ੋਰੀਆਂ ਵਿੱਚ ਸਿਹਤਮੰਦ ਸਫ਼ਾਈ ਅਭਿਆਸਾਂ ਨੂੰ ਪ੍ਰੋਤਸਾਹਨ ਮਿਲ ਰਿਹਾ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਹਰ ਮਹਿਲਾ ਨੂੰ, ਉਸ ਦੀ ਸਮਾਜਿਕ-ਆਰਥਿਕ ਪਿਛੋਕੜ ਤੋਂ ਇਲਾਵਾ, ਜ਼ਰੂਰੀ ਸਿਹਤ ਅਤੇ ਸਫ਼ਾਈ ਸਹੂਲਤਾਂ ਪ੍ਰਾਪਤ ਹੋਣ। ਉਨ੍ਹਾਂ ਕਿਹਾ, “ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਮਹਿਲਾ ਆਰਥਿਕ ਤੰਗੀ ਕਾਰਨ ਬੁਨਿਆਦੀ ਮਾਹਵਾਰੀ ਸਫ਼ਾਈ ਉਤਪਾਦਾਂ ਤੋਂ ਵਾਂਝੀ ਨਾ ਰਹੇ। ਸਿਹਤਮੰਦ ਮਹਿਲਾ ਹੀ ਸਿਹਤਮੰਦ ਪਰਿਵਾਰ ਦੀ ਨੀਂਹ ਰੱਖਦੀ ਹੈ ਅਤੇ ਸਿਹਤਮੰਦ ਪਰਿਵਾਰ ਮਜ਼ਬੂਤ ਤੇ ਖੁਸ਼ਹਾਲ ਪੰਜਾਬ ਦਾ ਆਧਾਰ ਬਣਦਾ ਹੈ।”
ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮਹਿਲਾਵਾਂ ਦੀ ਸਿਹਤ, ਸਨਮਾਨ ਅਤੇ ਸਮੁੱਚੀ ਭਲਾਈ ਦੀ ਰੱਖਿਆ ਕਰਨ ਲਈ ਅਗਾਂਹਵਧੂ, ਲੋਕ-ਕੇਂਦਰਿਤ ਅਤੇ ਮਹਿਲਾ-ਕੇਂਦਰਿਤ ਪਹਿਲਕਦਮੀਆਂ ਨੂੰ ਲਗਾਤਾਰ ਲਾਗੂ ਕਰਦੀ ਰਹੇਗੀ ਅਤੇ ਹੋਰ ਸਮਾਵੇਸ਼ੀ ਤੇ ਸਸ਼ਕਤ ਪੰਜਾਬ ਦੀ ਉਸਾਰੀ ਲਈ ਨਿਰੰਤਰ ਯਤਨਸ਼ੀਲ ਰਹੇਗੀ।























