International: ਅਜਰਬੈਜਾਨ ਦੇ ਸਕੂਲਾਂ ’ਚ ਹਿਜਾਬ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਵਿਦਿਆਰਥਣਾਂ ਨੇ ਕੀਤਾ ਕਲਾਸਾਂ ਦਾ ਬਾਈਕਾਟ
ਚੰਡੀਗੜ੍ਹ, 13 ਅਕਤੂਬਰ (ਵਿਸ਼ਵ ਵਾਰਤਾ): ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਅਜਰਬੈਜਾਨ ਵਿੱਚ ਸਕੂਲਾਂ ਦੇ ਡਰੈੱਸ ਕੋਡ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਰਕਾਰ ਵੱਲੋਂ ਵਰਦੀ ਸਬੰਧੀ ਨਿਯਮਾਂ ਵਿੱਚ ਕੀਤੇ ਬਦਲਾਅ ਮਗਰੋਂ ਹਿਜਾਬ ਪਹਿਨ ਕੇ ਸਕੂਲ ਪਹੁੰਚੀਆਂ ਕੁਝ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਕਲਾਸਾਂ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਵਿਦਿਆਰਥਣਾਂ ਨੇ ਕਲਾਸਾਂ ਦਾ ਬਾਈਕਾਟ ਕਰਦਿਆਂ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਸਰਕਾਰ ਨੇ ਨਵੇਂ ਨਿਯਮਾਂ ਵਿੱਚ ਹਿਜਾਬ ’ਤੇ ਸਿੱਧੇ ਤੌਰ ’ਤੇ ਪਾਬੰਦੀ ਨਹੀਂ ਲਗਾਈ, ਪਰ ਅਜਿਹੇ ਕੱਪੜਿਆਂ ’ਤੇ ਰੋਕ ਲਗਾਈ ਗਈ ਹੈ, ਜਿਨ੍ਹਾਂ ਨੂੰ ਸਰਕਾਰ ਧਰਮਨਿਰਪੱਖਤਾ ਦੇ ਸਿਧਾਂਤਾਂ ਦੇ ਵਿਰੁੱਧ ਮੰਨਦੀ ਹੈ।
ਅਜਰਬੈਜਾਨ ਸਰਕਾਰ ਦਾ ਕਹਿਣਾ ਹੈ ਕਿ ਸਕੂਲਾਂ ਵਿੱਚ ਸਾਰੇ ਵਿਦਿਆਰਥੀਆਂ ਲਈ ਇਕਸਾਰ ਡਰੈੱਸ ਕੋਡ ਹੋਣਾ ਚਾਹੀਦਾ ਹੈ। ਇਸੇ ਉਦੇਸ਼ ਨਾਲ ਵਰਦੀ ਸਬੰਧੀ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ। ਸਰਕਾਰ ਮੁਤਾਬਕ, ਦੇਸ਼ ਦੇ ਸੱਭਿਆਚਾਰ ਅਤੇ ਕੌਮੀ ਪਰੰਪਰਾਵਾਂ ਨਾਲ ਜੁੜੇ ਕੱਪੜੇ ਵਿਸ਼ੇਸ਼ ਮੌਕਿਆਂ ’ਤੇ ਪਹਿਨੇ ਜਾ ਸਕਦੇ ਹਨ। ਹਾਲਾਂਕਿ, ਇਸ ਲਈ ਸਕੂਲ ਦੀ ਸਬੰਧਤ ਕਮੇਟੀ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ।
ਅਜਰਬੈਜਾਨ ਦੀ ਲਗਭਗ 96 ਫ਼ੀਸਦੀ ਆਬਾਦੀ ਆਪਣੇ ਆਪ ਨੂੰ ਮੁਸਲਿਮ ਮੰਨਦੀ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਸ਼ੀਆ ਮੁਸਲਿਮ ਹਨ, ਜਦਕਿ ਸੁੰਨੀ ਮੁਸਲਿਮ ਵੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਇਸ ਦੇ ਬਾਵਜੂਦ ਦੇਸ਼ ਦਾ ਸੰਵਿਧਾਨ ਅਜ਼ਰਬਾਈਜਾਨ ਨੂੰ ਧਰਮਨਿਰਪੱਖ ਰਾਜ ਵਜੋਂ ਪਰਿਭਾਸ਼ਿਤ ਕਰਦਾ ਹੈ ਅਤੇ ਨਾਗਰਿਕਾਂ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦੀ ਆਜ਼ਾਦੀ ਦਿੰਦਾ ਹੈ। ਸਕੂਲਾਂ ਦੇ ਡਰੈੱਸ ਕੋਡ ਸਬੰਧੀ ਫ਼ੈਸਲੇ ਦਾ ਵਿਰੋਧ ਹੁਣ ਦੇਸ਼ ਤੋਂ ਬਾਹਰ ਗੁਆਂਢੀ ਤੁਰਕੀ ਤੱਕ ਵੀ ਪਹੁੰਚ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























