Punjab: ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੇ ਕੰਮ ‘ਚ ਤੇਜ਼ੀ
– 95.06 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਨਵਾਂ ਸਟੇਸ਼ਨ
– ਰੇਲਵੇ ਸਟੇਸ਼ਨ ਦੀ ਪੁਰਾਣੀ ਇਮਾਰਤ ਢਾਹੁਣ ਦਾ ਕੰਮ ਸ਼ੁਰੂ
– ਏਅਰਪੋਰਟ ਵਰਗੀ ਹੋਵੇਗੀ ਲੁੱਕ, 6 ਤੋਂ 8 ਲਿਫ਼ਟਾਂ ਤੇ ਐਸਕੇਲੇਟਰ ਲਗਾਉਣ ਦੀ ਯੋਜਨਾ
ਜਲੰਧਰ, 9 ਅਕਤੂਬਰ 2026 (ਵਿਸ਼ਵ ਵਾਰਤਾ): ਰੇਲਵੇ ਨੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਤੇਜ਼ ਕਰ ਦਿੱਤਾ ਹੈ। ਕਰੀਬ 95.06 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਸਟੇਸ਼ਨ ਲਈ ਬੁੱਧਵਾਰ ਤੋਂ ਪੁਰਾਣੀ ਇਮਾਰਤ ਦੇ ਕੁਝ ਹਿੱਸਿਆਂ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਰੇਲਵੇ ਅਨੁਸਾਰ, ਪਹਿਲੇ ਪੜਾਅ ਵਿੱਚ ਉਸ ਹਿੱਸੇ ਨੂੰ ਹਟਾਇਆ ਜਾ ਰਿਹਾ ਹੈ, ਜਿਸ ਦਾ ਯਾਤਰੀਆਂ ਦੀ ਆਵਾਜਾਈ ਨਾਲ ਸਿੱਧਾ ਸਬੰਧ ਨਹੀਂ ਹੈ। ਇਸ ਲਈ ਫਿਲਹਾਲ ਰੇਲ ਯਾਤਰੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ। ਮੰਗਲਵਾਰ ਨੂੰ ਇਮਾਰਤ ਦੀ ਵਾਇਰਿੰਗ ਹਟਾਉਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਬੁੱਧਵਾਰ ਨੂੰ ਡਿੱਚ ਮਸ਼ੀਨਾਂ ਦੀ ਮਦਦ ਨਾਲ ਢਾਹੁਣ ਦੀ ਕਾਰਵਾਈ ਕੀਤੀ ਗਈ। ਸੁਰੱਖਿਆ ਦੇ ਮੱਦੇਨਜ਼ਰ ਇਮਾਰਤ ਦੀ ਵਾਇਰਿੰਗ ਪਹਿਲਾਂ ਹਟਾਈ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਸਬੰਧਤ ਹਿੱਸਿਆਂ ਨੂੰ ਪੜਾਅਵਾਰ ਢਾਹਿਆ ਜਾਵੇਗਾ।
ਨਵੇਂ ਸਿਟੀ ਰੇਲਵੇ ਸਟੇਸ਼ਨ ਦੀ ਇਮਾਰਤ ਕਰੀਬ 90 ਮੀਟਰ ਲੰਬੀ ਅਤੇ 20 ਮੀਟਰ ਚੌੜੀ ਹੋਵੇਗੀ। ਇਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੇ ਨਾਲ-ਨਾਲ ਏਅਰਪੋਰਟ ਵਰਗੀ ਆਕਰਸ਼ਕ ਦਿੱਖ ਦੇਣ ਦੀ ਯੋਜਨਾ ਹੈ। ਯਾਤਰੀਆਂ ਦੀ ਸਹੂਲਤ ਲਈ ਸਟੇਸ਼ਨ ਕੰਪਲੈਕਸ ਵਿੱਚ 6 ਤੋਂ 8 ਲਿਫ਼ਟਾਂ ਅਤੇ ਐਸਕੇਲੇਟਰ ਲਗਾਏ ਜਾਣਗੇ। ਇਮਾਰਤ ਦੀ ਚੌੜਾਈ ਵਧਾਈ ਜਾਵੇਗੀ, ਤਾਂ ਜੋ ਯਾਤਰੀਆਂ ਨੂੰ ਦਾਖ਼ਲੇ ਅਤੇ ਬਾਹਰ ਨਿਕਲਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਮੌਜੂਦਾ ਸਮੇਂ ਸਿਟੀ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਕਰੀਬ 25 ਤੋਂ 30 ਹਜ਼ਾਰ ਯਾਤਰੀ ਆਉਂਦੇ-ਜਾਂਦੇ ਹਨ, ਜਦਕਿ ਇੱਥੋਂ ਕਰੀਬ 154 ਟਰੇਨਾਂ ਲੰਘਦੀਆਂ ਹਨ। ਰੇਲਵੇ ਭਵਿੱਖ ਵਿੱਚ ਰੋਜ਼ਾਨਾ ਲਗਭਗ 60 ਹਜ਼ਾਰ ਯਾਤਰੀਆਂ ਦੀ ਆਵਾਜਾਈ ਨੂੰ ਧਿਆਨ ਵਿੱਚ ਰੱਖ ਕੇ ਨਵੀਂ ਇਮਾਰਤ ਤਿਆਰ ਕਰ ਰਿਹਾ ਹੈ। ਨਵੀਂ ਇਮਾਰਤ ਦਾ ਮੁੱਖ ਪ੍ਰਵੇਸ਼ ਦੁਆਰ ਐੱਸ.ਬੀ.ਆਈ. ਦੇ ਏ.ਟੀ.ਐੱਮ. ਵਾਲੀ ਥਾਂ ਤੋਂ ਸ਼ੁਰੂ ਹੋਵੇਗਾ ਅਤੇ ਇਸ ਦਾ ਦਾਇਰਾ ਜੀ.ਆਰ.ਪੀ. ਥਾਣੇ ਤੋਂ ਅੱਗੇ ਤੱਕ ਹੋਵੇਗਾ। ਪ੍ਰਵੇਸ਼ ਦੁਆਰ ਨੂੰ ਆਕਰਸ਼ਕ ਬਣਾਉਣ ਦੇ ਨਾਲ ਇਸ ਦੀ ਚੌੜਾਈ ਵੀ ਵਧਾਈ ਜਾਵੇਗੀ।
ਰੇਲਵੇ ਅਧਿਕਾਰੀਆਂ ਅਨੁਸਾਰ, ਨਿਰਮਾਣ ਦੇ ਸ਼ੁਰੂਆਤੀ ਪੜਾਅ ਵਿੱਚ ਮੁੱਖ ਇਮਾਰਤ ਵਾਲੇ ਹਿੱਸੇ ’ਤੇ ਧਿਆਨ ਦਿੱਤਾ ਜਾਵੇਗਾ, ਤਾਂ ਜੋ ਯਾਤਰੀਆਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਹੋਵੇ। ਪ੍ਰਾਜੈਕਟ ਨੂੰ ਪੂਰਾ ਕਰਨ ਲਈ ਹਾਲੇ ਕੋਈ ਨਿਸ਼ਚਿਤ ਸਮਾਂ-ਸੀਮਾ ਤੈਅ ਨਹੀਂ ਕੀਤੀ ਗਈ ਹੈ। ਹਾਲਾਂਕਿ, ਨਿਰਮਾਣ ਕਾਰਜ ਵਿੱਚ ਇਕ ਸਾਲ ਤੋਂ ਵੱਧ ਸਮਾਂ ਲੱਗਣ ਦੀ ਸੰਭਾਵਨਾ ਹੈ।
ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਸੀਵਰੇਜ ਦੀ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਹੈ। ਬਾਰਿਸ਼ ਦੌਰਾਨ ਕਈ ਵਾਰ ਰੇਲਵੇ ਪੱਟੜੀਆਂ ’ਤੇ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਨਵੇਂ ਪ੍ਰਾਜੈਕਟ ਤਹਿਤ ਸੀਵਰੇਜ ਪ੍ਰਣਾਲੀ ਨੂੰ ਸੁਧਾਰਨ ਲਈ ਨਵੀਆਂ ਪਾਈਪਾਂ ਵਿਛਾਉਣ ਅਤੇ ਮੌਜੂਦਾ ਵਿਵਸਥਾ ਦੀਆਂ ਕਮੀਆਂ ਦੂਰ ਕਰਨ ਦੀ ਯੋਜਨਾ ਹੈ। ਇਸ ਨਾਲ ਬਾਰਿਸ਼ ਦੌਰਾਨ ਪਾਣੀ ਭਰਨ ਦੀ ਸਮੱਸਿਆ ਘਟਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























