National: ਦਿੱਲੀ ’ਚ INDIA ਬਲਾਕ ਦਾ ਮਾਰਚ ਸ਼ੁਰੂ, ਕਈ ਰੂਟਾਂ ’ਤੇ ਟ੍ਰੈਫਿਕ ਡਾਇਵਰਟ – ਐਡਵਾਈਜ਼ਰੀ ਜਾਰੀ
– ਪੁਲਿਸ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਿਆ
– ਸੰਸਦ ਮੈਂਬਰ ਸੜਕ ‘ਤੇ ਹੀ ਧਰਨੇ ‘ਤੇ ਬੈਠੇ
ਨਵੀਂ ਦਿੱਲੀ, 6 ਅਕਤੂਬਰ (ਵਿਸ਼ਵ ਵਾਰਤਾ): INDIA ਬਲਾਕ ਦੇ ਵਿਰੋਧ ਮਾਰਚ ਦੇ ਮੱਦੇਨਜ਼ਰ ਦਿੱਲੀ ਵਿੱਚ ਅੱਜ ਕਈ ਰੂਟਾਂ ’ਤੇ ਟ੍ਰੈਫਿਕ ਡਾਇਵਰਟ ਰਹੇਗਾ। ਦਿੱਲੀ ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਪ੍ਰਭਾਵਿਤ ਅਤੇ ਪਾਬੰਦੀ ਵਾਲੇ ਰੂਟਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਐਡਵਾਈਜ਼ਰੀ ਮੁਤਾਬਕ ਕਨਾਟ ਪਲੇਸ–ਪਟੇਲ ਚੌਕ–ਸੰਸਦ ਸਟ੍ਰੀਟ, ਪਟੇਲ ਚੌਕ–ਗ੍ਰਾਮ ਚੌਕੀ, ਵਿੰਡਸਰ ਪਲੇਸ–ਗ੍ਰਾਮ ਚੌਕੀ, ਅਸ਼ੋਕ ਰੋਡ ਅਤੇ ਜੰਤਰ-ਮੰਤਰ ਰੋਡ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਟ੍ਰੈਫਿਕ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ। ਪੁਲਿਸ ਵੱਲੋਂ ਲੋੜ ਅਨੁਸਾਰ ਬੈਰੀਕੇਡਿੰਗ ਵੀ ਕੀਤੀ ਜਾ ਸਕਦੀ ਹੈ।
ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਇਨ੍ਹਾਂ ਰੂਟਾਂ ’ਤੇ ਬੇਲੋੜੀ ਯਾਤਰਾ ਤੋਂ ਬਚਣ, ਸਫ਼ਰ ਲਈ ਵਾਧੂ ਸਮਾਂ ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਖ਼ਾਸ ਤੌਰ ’ਤੇ ਕਨਾਟ ਪਲੇਸ ਅਤੇ ਜੰਤਰ-ਮੰਤਰ ਜਾਣ ਵਾਲੇ ਲੋਕਾਂ ਨੂੰ ਮੈਟਰੋ ਜਾਂ ਜਨਤਕ ਆਵਾਜਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਪ੍ਰਭਾਵਿਤ ਇਲਾਕਿਆਂ ਦੇ ਨੇੜੇ ਵਾਹਨ ਖੜ੍ਹੇ ਕਰਨ ਤੋਂ ਵੀ ਬਚਣ ਲਈ ਕਿਹਾ ਗਿਆ ਹੈ।
ਪੁਲਿਸ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਿਆ
ਵਿਰੋਧੀ ਸੰਸਦ ਮੈਂਬਰ ਸਵੇਰੇ 10:30 ਵਜੇ ਸੰਸਦ ਭਵਨ ਦੇ ਮਕਰ ਦੁਆਰ ’ਤੇ ਇਕੱਠੇ ਹੋਏ ਅਤੇ 11 ਵਜੇ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਰਵਾਨਾ ਹੋਏ । ਮਾਰਚ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ, ਪ੍ਰਿਯੰਕਾ ਗਾਂਧੀ ਵਾਡਰਾ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਅਤੇ TMC ਆਗੂ ਅਭਿਸ਼ੇਕ ਬੈਨਰਜੀ ਸਮੇਤ ਵਿਰੋਧੀ ਧਿਰ ਦੇ ਕਈ ਆਗੂ ਅਤੇ ਸੰਸਦ ਮੈਂਬਰ ਸ਼ਾਮਲ ਹਨ। ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਲੋਕਤੰਤਰ ਬਚਾਓ ਮਾਰਚ ਕਰ ਰਹੇ ਹਨ। ਪੁਲਿਸ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਹੈ। ਇਸ ਤੋਂ ਬਾਅਦ, ਰਾਹੁਲ ਅਤੇ ਪ੍ਰਿਯੰਕਾ ਸਮੇਤ ਵਿਰੋਧੀ ਧਿਰ ਦੇ ਸੰਸਦ ਮੈਂਬਰ ਜ਼ਮੀਨ ‘ਤੇ ਬੈਠ ਗਏ।
ਸੰਸਦ ਮੈਂਬਰ ਲੋਕਤੰਤਰ ਬਚਾਓ ਬੈਨਰ ਲੈ ਕੇ ਪਹੁੰਚੇ ਹਨ ਅਤੇ “ਗਿਆਨੇਸ਼ ਕੁਮਾਰ ਅਸਤੀਫ਼ਾ ਦੇਣ” ਦੀ ਮੰਗ ਕਰਦੇ ਹੋਏ ਨਾਅਰੇ ਲਗਾ ਰਹੇ ਹਨ। ਸੰਸਦ ਮਾਰਗ, ਜੰਤਰ-ਮੰਤਰ ਅਤੇ ਚੋਣ ਕਮਿਸ਼ਨ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਵਿੱਚ ਨਵੀਂ ਸੰਸਦ ਤੋਂ ਚੋਣ ਕਮਿਸ਼ਨ ਤੱਕ ਮਾਰਚ ਵਿੱਚ ਆਪ ਅਤੇ ਡੀਐਮਕੇ ਹਿੱਸਾ ਨਹੀਂ ਲੈ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























