ਅੰਮ੍ਰਿਤਸਰ ’ਚ ਇਨਫਲੂਐਂਸਰ ‘ਮੈਡ ਸੰਧੂ’ ਦਾ ਗੋਲੀਆਂ ਮਾਰ ਕੇ ਕਤਲ
ਚੰਡੀਗੜ੍ਹ, 3 ਅਕਤੂਬਰ (ਵਿਸ਼ਵ ਵਾਰਤਾ) ਅੰਮ੍ਰਿਤਸਰ ਵਿੱਚ ਸ਼ਨੀਵਾਰ ਨੂੰ ਇਨਫਲੂਐਂਸਰ ‘ਮੈਡ ਸੰਧੂ’ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਆਪਣੀ ਕਾਰ ਧੁਆਉਣ ਲਈ ਜਾ ਰਿਹਾ ਸੀ ਜਦੋਂ ਸ਼ਾਮ ਕਰੀਬ 6 ਵਜੇ ਲੋਹਾਰਕਾ ਰੋਡ ‘ਤੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਦਿਨ-ਦਿਹਾੜੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।
ਉਸ ਨੂੰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਸੜਕ ‘ਤੇ ਖੂਨ ਨਾਲ ਲੱਥ-ਪੱਥ ਪਿਆ ਦਿਖਾਈ ਦੇ ਰਿਹਾ ਹੈ ਅਤੇ ਉਸ ਦੇ ਸਾਥੀ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਘਟਨਾ ਵਾਲੀ ਥਾਂ ‘ਤੇ ਚੱਲੀਆਂ ਹੋਈਆਂ ਗੋਲੀਆਂ ਦੇ ਖੋਲ ਵੀ ਪਏ ਮਿਲੇ। ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਮੈਡ ਸੰਧੂ ਨੇ ਪਹਿਲਾਂ ਆਪਣੀ ਕਾਰ ਧੁਆਉਣ ਲਈ ਦਿੱਤੀ ਸੀ। ਠੀਕ ਉਸੇ ਸਮੇਂ, ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ। ਇੱਕ ਬਾਈਕ ‘ਤੇ ਹੀ ਬੈਠਾ ਰਿਹਾ, ਜਦਕਿ ਦੂਜੇ ਨੇ ਨੇੜੇ ਆ ਕੇ ਮੈਡ ਸੰਧੂ ‘ਤੇ ਗੋਲੀ ਚਲਾ ਦਿੱਤੀ। ਘਟਨਾ ਦੌਰਾਨ 4-5 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਦੋ ਮੈਡ ਸੰਧੂ ਨੂੰ ਲੱਗੀਆਂ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।























