ਭਾਰਤੀ ਮਹਿਲਾ ਹਾਕੀ ਟੀਮ ਨੇ 44 ਸਾਲਾਂ ਬਾਅਦ ਏਸ਼ਿਆਈ ਖੇਡਾਂ ਵਿੱਚ ਜਿੱਤਿਆ ਸੋਨ ਤਗਮਾ ; ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾਇਆ

ਚੰਡੀਗੜ੍ਹ, 2 ਅਕਤੂਬਰ (ਵਿਸ਼ਵ ਵਾਰਤਾ) ਭਾਰਤੀ ਮਹਿਲਾ ਹਾਕੀ ਟੀਮ ਨੇ ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾ ਕੇ 44 ਸਾਲਾਂ ਦੇ ਵਕਫੇ ਤੋਂ ਬਾਅਦ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਹੈ। ਲਾਲਰੇਮਸਿਆਮੀ ਨੇ ਭਾਰਤ ਲਈ ਇਕਲੌਤਾ ਗੋਲ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ 1982 ਵਿੱਚ ਦੱਖਣੀ ਕੋਰੀਆ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਸੀ।
https://www.instagram.com/hockeyindia/p/Dd_grWwTKZk/
https://www.instagram.com/hockeyindia/p/Dd_fJ4-xWtn/
ਦੱਸ ਦਈਏ ਕਿ ਭਾਰਤ ਨੇ ਏਸ਼ਿਆਈ ਖੇਡਾਂ ਦੇ 13ਵੇਂ ਦਿਨ ਛੇ ਸੋਨ ਤਗਮੇ ਹਾਸਲ ਕੀਤੇ। ਮੁੱਕੇਬਾਜ਼ ਅੰਕੁਸ਼ ਪੰਘਾਲ ਨੇ ਪੁਰਸ਼ਾਂ ਦੇ 80 ਕਿਲੋਗ੍ਰਾਮ ਵਰਗ ਵਿੱਚ ਸੋਨ ਤਗਮਾ ਜਿੱਤਿਆ, ਜਦਕਿ ਇਸ ਤੋਂ ਪਹਿਲਾਂ ਸੁਜੀਤ ਕਲਕਲ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾ ਮੁੱਕੇਬਾਜ਼ ਪਰਵੀਨ ਹੁੱਡਾ (ਮਹਿਲਾ 65 ਕਿਲੋਗ੍ਰਾਮ) ਅਤੇ ਲਵਲੀਨਾ ਬੋਰਗੋਹੇਨ (ਮਹਿਲਾ 75 ਕਿਲੋਗ੍ਰਾਮ) ਨੇ ਆਪਣੇ-ਆਪਣੇ ਭਾਰ ਵਰਗ ਵਿੱਚ ਸੋਨ ਤਗਮੇ ਜਿੱਤੇ। ਇਸ ਦੇ ਨਾਲ ਹੀ, ਪਹਿਲੀ ਵਾਰ ਇੱਕੋ ਏਸ਼ਿਆਈ ਖੇਡਾਂ ਵਿੱਚ ਤਿੰਨ ਭਾਰਤੀ ਮੁੱਕੇਬਾਜ਼ ਚੈਂਪੀਅਨ ਬਣੇ।
ਦਿਨ ਦੀ ਸ਼ੁਰੂਆਤ ਵਿੱਚ, ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਰਿਕਰਵ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਮਹਿਲਾ ਹਾਕੀ ਵਿੱਚ ਮਿਲੇ ਸੋਨ ਤਗਮੇ ਨਾਲ ਭਾਰਤ ਦੇ ਕੁੱਲ ਸੋਨ ਤਗਮਿਆਂ ਦੀ ਗਿਣਤੀ 16 ਹੋ ਗਈ ਹੈ, ਜਿਸ ਨਾਲ ਦੇਸ਼ ਤਗਮਾ ਸੂਚੀ ਵਿੱਚ ਪੰਜਵੇਂ ਸਥਾਨ ‘ਤੇ ਪਹੁੰਚ ਗਿਆ ਹੈ।























