ਬਾਬਾ ਬੰਦਾ ਸਿੰਘ ਫਾਊਂਡੇਸ਼ਨ ਵੱਲੋਂ ਸ਼ਮਸ਼ੇਰ ਸੰਧੂ, ਜਗਮੋਹਨ ਗਿੱਲ , ਪ੍ਰੋ: ਸੰਤੋਖ ਔਜਲਾ ਤੇ ਜਗਦੀਸ਼ ਗਰੇਵਾਲ ਦਾ ਸਨਮਾਨ

Advertisement

ਲੁਧਿਆਣਾ, 1 ਜੁਲਾਈ : ਬਾਬਾ ਬੰਦਾ ਸਿੰਘ ਇੰਟਰਨੈਸ਼ਨਲ ਫਾਊਂਡੇਸ਼ਨ (ਰਜਿ:) ਵੱਲੋਂ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿਆਣਾ) ਵਿਖੇ ਸ਼ਮਸ਼ੇਰ ਸਿੰਘ ਸੰਧੂ, ਜਗਮੋਹਨ ਸਿੰਘ ਗਿੱਲ ਕਲਕੱਤਾ, ਪ੍ਰੋ: ਸੰਤੋਖ ਸਿੰਘ ਔਜਲਾ ਤੇ ਜਗਦੀਸ਼ ਸਿੰਘ ਗਰੇਵਾਲ ਦਾ ਸਨਮਾਨ ਕੀਤਾ ਗਿਆ। ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਕਰਨੈਲ ਸਿੰਘ ਗਿੱਲ ਤੇ ਸਰਪ੍ਰਸਤ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ।
ਪ੍ਰੋ: ਗਿੱਲ ਨੇ ਇਨ੍ਹਾਂ ਸ਼ਖ਼ਸੀਅਤਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸ਼ਮਸ਼ੇਰ ਸਿੰਘ ਸੰਧੂ 500 ਤੋਂ ਵੱਧ ਗੀਤ ਲਿਖ ਕੇ ਰਿਕਾਰਡ ਕਰ ਚੁਕਾ ਹੈ। ਕਹਾਣੀ ਸੰਗ੍ਰਹਿ ਕੋਈ ਦਿਓ ਜਵਾਬ ਤੋਂ ਇਲਾਵਾ ਤਿੰਨ ਵਾਰਤਕ ਪੁਸਤਕਾਂ ਇੱਕ ਪਾਸ਼ ਇਹ ਵੀ, ਲੋਕ ਸੁਰਾਂ ਤੇ ਸੁਰ ਦਰਿਆਉਂ ਪਾਰ ਦੇ ਲਿਖ ਤੇ ਪ੍ਰਕਾਸ਼ਿਤ ਕਰ ਚੁਕਾ ਹੈ। ਸ਼ਮਸ਼ੇਰ ਨੇ 30 ਤੋਂ ਵੱਧ ਪੰਜਾਬੀ ਫ਼ਿਲਮਾਂ ਦੇ ਗੀਤ ਵੀ ਲਿਖੇ ਹਨ ਜਿਨ੍ਹਾਂ ਚੋਂ ਕਚਹਿਰੀ ਕੌਮੀ ਪੁਰਸਕਾਰ ਵਿਜੇਤਾ ਫ਼ਿਲਮ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਦਾਰਪੁਰਾ ਦੇ ਜੰਮਪਲ ਸ਼ਮਸ਼ੇਰ ਸਿੰਘ ਸੰਧੂ ਚੰਡੀਗਡ਼੍ਹ ਵੱਸਦੇ ਹਨ।
ਪਿੰਡ ਢੁੱਡੀਕੇ (ਮੋਗਾ) ਦੇ ਪਿਛੋਕਡ਼ ਵਾਲੇ ਜਗਮੋਹਨ ਸਿੰਘ ਗਿੱਲ ਕਲਕੱਤਾ ਦੇ ਜੰਮਪਲ ਹੋਣ ਦੇ ਬਾਵਜੂਦ ਅੰਗਰੇਜ਼ੀ ਤੇ ਪੰਜਾਬੀ ਦੇ ਬਲਵਾਨ ਲੇਖਕ ਹਨ। ਪੂਰਬੀ ਰਾਜਾਂ ਦੇ ਸਿੱਖ ਮਿਸ਼ਨ ਦੇ ਸ਼੍ਰੋਮਣੀ ਕਮੇਟੀ ਵੱਲੋਂ ਬਿਨ ਤਨਖ਼ਾਹੋਂ ਇੰਚਾਰਜ ਹਨ।
ਪ੍ਰੋ: ਸੰਤੋਖ ਸਿੰਘ ਔਜਲਾ ਸੇਵਾ ਮੁਕਤ ਪ੍ਰੋਫੈਸਰ, ਪੰਜਾਬੀ ਨਾਵਲਕਾਰ ਤੇ ਸ੍ਵੈ ਸੇਵੀ ਸੰਸਥਾ ਟੀ ਵੀ ਸਕੂਲ ਰਾਹੀਂ ਸਕੂਲੀ ਬੱਚਿਆਂ ਨੂੰ ਟੀ ਵੀ ਪ੍ਰੋਗਰਾਮਾਂ ਰਾਹੀਂ ਹਿਸਾਬ ਤੇ ਵਿਗਿਆਨ ਪੰਜਾਬੀ ਭਾਸ਼ਾ ਚ ਪਡ਼੍ਹਾਉਂਦੇ ਹਨ। ਸ: ਜਗਦੀਸ਼ ਪਾਲ ਸਿੰਘ ਗਰੇਵਾਲ ਪਿੰਡ ਦਾਦ ਦੀ ਨੇ ਹਜ਼ਾਰ ਵੋਟ ਦੇ ਸਰਬਸੰਮਤੀ ਨਾਲ ਚੁਣੇ ਹੋਏ ਸਰਪੰਚ ਅਤੇ ਸਮਾਜ ਸੇਵਕ ਹਨ।
ਇਨ੍ਹਾਂ ਚਹੁੰ ਸ਼ਖ਼ਸੀਅਤਾਂ ਨੂੰ ਮੈਡਲ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਹਰਜੀਤ ਨਾਗਰਾ, ਪੰਜਾਬ ਦੇ ਸੇਵਾਮੁਕਤ ਮੁੱਖ ਵਣ ਪਾਲ ਸ: ਜਰਨੈਲ ਸਿੰਘ, ਸਿਕੰਦਰ ਸਿੰਘ ਗਰੇਵਾਲ, ਜਰਨੈਲ ਸਿੰਘ ਤੂਰ, ਰਿੰਪਲ ਸਿੰਘ, ਦਲਜੀਤ ਸਿੰਘ ਕੁਲਾਰ , ਅਰਜੁਨ ਬਾਵਾ ਤੇ ਗੁਆਂਢੀ ਪਿੰਡਾਂ ਦੇ ਪੰਚ ਸਰਪੰਚ ਸਾਹਿਬਾਨ ਹਾਜ਼ਰ ਸਨ।