National: ਅਗਲੇ ਮਹੀਨੇ ਤੋਂ ਬਦਲ ਜਾਣਗੇ ਸਿਲੰਡਰ ਬੁਕਿੰਗ ਦੇ ਨਿਯਮ !
ਨਵੀਂ ਦਿੱਲੀ, 27 ਸਤੰਬਰ (ਵਿਸ਼ਵ ਵਾਰਤਾ) – ਘਰੇਲੂ LPG ਖਪਤਕਾਰਾਂ ਲਈ 1 ਅਕਤੂਬਰ 2026 ਤੋਂ ਨਵਾਂ ਨਿਯਮ ਲਾਗੂ ਹੋ ਰਿਹਾ ਹੈ। ਸਬਸਿਡੀ ਵਾਲੇ ਰੇਟ ’ਤੇ ਘਰੇਲੂ LPG ਰਿਫਿਲ ਬੁੱਕ ਕਰਨ ਲਈ ਬਾਇਓਮੈਟ੍ਰਿਕ ਆਧਾਰ ਆਥੈਂਟੀਕੇਸ਼ਨ (BAA) ਪੂਰਾ ਕਰਨਾ ਲਾਜ਼ਮੀ ਹੋਵੇਗਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਮੁਤਾਬਕ, ਜਿਨ੍ਹਾਂ ਖਪਤਕਾਰਾਂ ਨੇ ਪਹਿਲਾਂ ਹੀ ਇਹ ਪ੍ਰਕਿਰਿਆ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਦੁਬਾਰਾ ਕੁਝ ਕਰਨ ਦੀ ਲੋੜ ਨਹੀਂ ਹੈ।
ਆਥੈਂਟੀਕੇਸ਼ਨ ਨਾ ਕਰਵਾਉਣ ’ਤੇ ਕੀ ਹੋਵੇਗਾ ?
ਜੇ ਕੋਈ ਖਪਤਕਾਰ ਬਾਇਓਮੈਟ੍ਰਿਕ ਆਧਾਰ ਆਥੈਂਟੀਕੇਸ਼ਨ (BAA) ਪੂਰਾ ਨਹੀਂ ਕਰਦਾ ਤਾਂ ਉਸ ਨੂੰ LPG ਮਿਲਣੀ ਬੰਦ ਨਹੀਂ ਹੋਵੇਗੀ। ਹਾਲਾਂਕਿ, ਸਬਸਿਡੀ ਵਾਲੇ ਰੇਟ ’ਤੇ ਰਿਫਿਲ ਲੈਣ ਲਈ ਆਥੈਂਟੀਕੇਸ਼ਨ ਪੂਰਾ ਕਰਨਾ ਪਵੇਗਾ। ਸਰਕਾਰ ਮੁਤਾਬਕ, ਬਿਨਾਂ BAA ਦੇ ਖਪਤਕਾਰ ਨੂੰ ਬਾਜ਼ਾਰ ਕੀਮਤ ’ਤੇ LPG ਲੈਣੀ ਪਵੇਗੀ ਅਤੇ ਸਬਸਿਡੀ ਦਾ ਲਾਭ ਨਹੀਂ ਮਿਲੇਗਾ। ਸਤੰਬਰ 2026 ਲਈ 14.2 ਕਿਲੋ ਸਿਲਿੰਡਰ ’ਤੇ ਅਪਰੋਖ ਸਬਸਿਡੀ ਕਰੀਬ 210 ਰੁਪਏ ਹੈ।
ਘਰ ਬੈਠੇ ਵੀ ਹੋ ਸਕਦੀ ਹੈ ਪ੍ਰਕਿਰਿਆ
ਖਪਤਕਾਰ BAA ਕਈ ਤਰੀਕਿਆਂ ਨਾਲ ਪੂਰਾ ਕਰ ਸਕਦੇ ਹਨ। LPG ਸਿਲਿੰਡਰ ਦੀ ਡਿਲਿਵਰੀ ਦੌਰਾਨ ਡਿਲਿਵਰੀ ਕਰਮਚਾਰੀ ਰਾਹੀਂ, ਗੈਸ ਏਜੰਸੀ ਦੇ ਸ਼ੋਅਰੂਮ ’ਤੇ ਜਾਂ ਸੰਬੰਧਤ ਤੇਲ ਕੰਪਨੀ ਦੇ ਮੋਬਾਈਲ ਐਪ ਰਾਹੀਂ ਆਥੈਂਟੀਕੇਸ਼ਨ ਕੀਤਾ ਜਾ ਸਕਦਾ ਹੈ। ਇੰਡੇਨ ਲਈ IndianOil ONE, ਭਾਰਤਗੈਸ ਲਈ HelloBPCL ਅਤੇ HP Gas ਲਈ HP PAY ਐਪ ਦੀ ਸਹੂਲਤ ਉਪਲਬਧ ਹੈ।
ਫਰਜ਼ੀ ਅਤੇ ਡੁਪਲੀਕੇਟ ਕਨੈਕਸ਼ਨਾਂ ’ਤੇ ਲੱਗੇਗੀ ਰੋਕ
ਸਰਕਾਰ ਮੁਤਾਬਕ BAA ਦਾ ਉਦੇਸ਼ ਸਬਸਿਡੀ ਦਾ ਲਾਭ ਅਸਲ ਅਤੇ ਯੋਗ ਪਰਿਵਾਰਾਂ ਤੱਕ ਪਹੁੰਚਾਉਣਾ ਹੈ। ਇਸ ਨਾਲ ਡੁਪਲੀਕੇਟ ਜਾਂ ਅਯੋਗ LPG ਕਨੈਕਸ਼ਨਾਂ ਦੀ ਪਛਾਣ ਕਰਨ ਅਤੇ ਘਰੇਲੂ ਸਬਸਿਡੀ ਵਾਲੇ ਸਿਲਿੰਡਰਾਂ ਦੀ ਵਪਾਰਕ ਜਾਂ ਉਦਯੋਗਿਕ ਵਰਤੋਂ ਨੂੰ ਰੋਕਣ ਵਿੱਚ ਮਦਦ ਮਿਲੇਗੀ। ਸਰਕਾਰੀ ਅੰਕੜਿਆਂ ਮੁਤਾਬਕ 19 ਸਤੰਬਰ ਤੱਕ 27.43 ਕਰੋੜ, ਯਾਨੀ 89.9 ਫੀਸਦੀ ਸਰਗਰਮ ਘਰੇਲੂ LPG ਖਪਤਕਾਰ BAA ਪੂਰਾ ਕਰ ਚੁੱਕੇ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























