Punjab ‘ਚ ਅੱਜ ਤੋਂ ਬਿਜਲੀ ਦੇ ਲੰਬੇ ਕੱਟ ਨਹੀਂ ਲੱਗਣਗੇ: ਬਿਜਲੀ ਮੰਤਰੀ
ਚੰਡੀਗੜ੍ਹ, 15 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਅੱਜ 15 ਸਤੰਬਰ ਤੋਂ ਬਿਜਲੀ ਦੇ ਲੰਬੇ ਕੱਟ ਲੱਗਣੇ ਬੰਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪ੍ਰਾਈਵੇਟ ਬਿਜਲੀ ਪਲਾਂਟ ਵੀ ਠੀਕ ਕਰਵਾਏ ਗਏ ਹਨ, ਜਿਸ ਲਈ ਕਰੀਬ 200 ਸਰਕਾਰੀ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ।
ਮੰਤਰੀ ਨੇ ਦੱਸਿਆ ਕਿ ਕਿਸਾਨਾਂ ਨੂੰ ਪਹਿਲਾਂ ਦੇ ਮੁਕਾਬਲੇ ਵੱਧ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਪਹਿਲਾਂ ਜਿੱਥੇ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਸੀ, ਉੱਥੇ ਹੁਣ 10 ਘੰਟੇ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਪੰਜਾਬ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ਕਰੀਬ 3,500 ਮੈਗਾਵਾਟ ਵੱਧ ਰਹੀ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਬਿਜਲੀ ਦੀ ਉਪਲਬਧਤਾ ਵਧਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਦੂਜੇ ਪਾਸੇ, ਸੂਬੇ ਵਿੱਚ ਬਿਜਲੀ ਦੀ ਮੰਗ ਲਗਾਤਾਰ 16 ਹਜ਼ਾਰ ਮੈਗਾਵਾਟ ਤੋਂ ਉੱਪਰ ਬਣੀ ਹੋਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਵੱਖ-ਵੱਖ ਸਰੋਤਾਂ ਤੋਂ ਵੱਧ ਤੋਂ ਵੱਧ ਬਿਜਲੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਲੇ ਦੀ ਘਾਟ ਕਾਰਨ ਸੂਬੇ ਵਿੱਚ ਕੁੱਲ ਬਿਜਲੀ ਉਤਪਾਦਨ ਇਸ ਸਮੇਂ ਕਰੀਬ 5,743 ਮੈਗਾਵਾਟ ਤੱਕ ਹੀ ਪਹੁੰਚ ਸਕਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























