Punjab: ਚੋਣ ਕਮਿਸ਼ਨ ਦੇ ਜਵਾਬ ਨੇ ਕੀਤੀ ਪਿਛਲੇ ਦਰਵਾਜ਼ੇ ਤੋਂ ਰਾਘਵ ਚੱਢਾ ਦਾ ਨਾਂ ਜੋੜੇ ਜਾਣ ਦੀ ਪੁਸ਼ਟੀ: ਅਨੁਰਾਗ ਢਾਂਡਾ
– ਚੋਣ ਕਮਿਸ਼ਨ ਦਾ ਜਵਾਬ ਰਾਘਵ ਚੱਢਾ ਦਾ ਨਾਂ ਜੋੜੇ ਜਾਣ ਬਾਰੇ “ਆਪ” ਦੀ ਗੱਲ ਦੀ ਕਰਦਾ ਹੈ ਪੁਸ਼ਟੀ: ਅਨੁਰਾਗ ਢਾਂਡਾ
– ਦਿੱਲੀ ਚੋਣ ਕਮਿਸ਼ਨ ਨੂੰ ਪਤਾ ਹੀ ਨਹੀਂ, ਰਾਘਵ ਚੱਢਾ ਦਾ ਨਾਂ ਵੋਟਰ ਲਿਸਟ ਵਿੱਚ ਕਿਵੇਂ ਆਇਆ?: ਅਨੁਰਾਗ ਢਾਂਡਾ
ਨਵੀਂ ਦਿੱਲੀ, 9 ਸਤੰਬਰ (ਵਿਸ਼ਵ ਵਾਰਤਾ): ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਦਿੱਲੀ ਦੀ ਵੋਟਰ ਸੂਚੀ ਵਿੱਚ ਰਾਘਵ ਚੱਢਾ ਦਾ ਨਾਂ ਜੋੜੇ ਜਾਣ ਬਾਰੇ ਪੁੱਛੇ ਗਏ ਸਵਾਲਾਂ ‘ਤੇ ਚੋਣ ਕਮਿਸ਼ਨ ਨੇ ਜਵਾਬ ਦਿੱਤਾ ਹੈ। ਚੋਣ ਕਮਿਸ਼ਨ ਨੇ ਇਸ ਗੱਲ ਦਾ ਭੇਦ ਖੋਲ੍ਹ ਦਿੱਤਾ ਹੈ ਕਿ ਦਿੱਲੀ ਦੀ ਵੋਟਰ ਲਿਸਟ ਵਿੱਚ ਰਾਘਵ ਚੱਢਾ ਦਾ ਨਾਂ ਚੋਰ ਦਰਵਾਜ਼ੇ ਤੋਂ ਜੋੜਿਆ ਗਿਆ ਹੈ। ਚੋਣ ਕਮਿਸ਼ਨ ਦਾ ਇਹ ਜਵਾਬ “ਆਪ” ਦੀ ਗੱਲ ਨੂੰ ਸਹੀ ਸਾਬਤ ਕਰਦਾ ਹੈ। ਦਿੱਲੀ ਚੋਣ ਕਮਿਸ਼ਨ ਇਹ ਸਮਝਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ ਕਿ 31 ਅਗਸਤ ਦੀ ਡਰਾਫਟ ਵੋਟਰ ਸੂਚੀ ਵਿੱਚ 746 ਵੋਟਰ ਹੋਣ ਦੇ ਬਾਅਦ ਅਚਾਨਕ 747ਵਾਂ ਨਾਂ ਰਾਘਵ ਚੱਢਾ ਦਾ ਕਿਵੇਂ ਆ ਗਿਆ?
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਨੇ ਕਿਹਾ ਕਿ ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਨਿਰਧਾਰਿਤ ਕਾਨੂੰਨੀ ਅਤੇ ਪ੍ਰਕਿਰਿਆਤਮਕ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਹੀ ਰਾਘਵ ਚੱਢਾ ਦਾ ਨਾਂ ਪਿਛਲੇ ਦਰਵਾਜ਼ੇ ਤੋਂ ਜੋੜਿਆ ਗਿਆ ਹੈ।
ਚੋਣ ਕਮਿਸ਼ਨ ਦੇ ਜਵਾਬ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅਨੁਰਾਗ ਢਾਂਡਾ ਨੇ ਕਿਹਾ ਕਿ ਇਸ ਪੂਰੇ ਮਾਮਲੇ ਤੋਂ ਸਾਬਤ ਹੁੰਦਾ ਹੈ ਕਿ ਦਿੱਲੀ ਚੋਣ ਕਮਿਸ਼ਨ ਨੂੰ ਵੀ ਇਸ ਗੱਲ ਦੀ ਭਿਣਕ ਨਹੀਂ ਹੈ ਕਿ ਇਹ ਨਾਂ ਕਿਵੇਂ ਜੁੜਿਆ। ਇਸ ਐਂਟਰੀ ਪਿੱਛੇ ਦੀ ਪ੍ਰਕਿਰਿਆ ਨੂੰ ਸਪੱਸ਼ਟ ਕਰਨ ਵਿੱਚ ਚੋਣ ਕਮਿਸ਼ਨ ਦੀ ਅਸਮਰੱਥਾ ਪੂਰੀ ਐੱਸਆਈਆਰ ਪ੍ਰਕਿਰਿਆ ਦੀ ਪਾਰਦਰਸ਼ਤਾ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਅਨੁਰਾਗ ਢਾਂਡਾ ਨੇ ਕਿਹਾ ਕਿ ਇਹ ਮਾਮਲਾ ਉਜਾਗਰ ਕਰਦਾ ਹੈ ਕਿ ਕਿਸ ਤਰ੍ਹਾਂ ਐੱਸਆਈਆਰ ਪ੍ਰਕਿਰਿਆ ਦੀਆਂ ਧੱਜੀਆਂ ਉਡਾਈਆਂ ਜਾ ਸਕਦੀਆਂ ਹਨ ਅਤੇ ਤੈਅ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਨਾਂ ਜੋੜੇ ਜਾਂ ਹਟਾਏ ਜਾ ਸਕਦੇ ਹਨ। ਚੋਣ ਕਮਿਸ਼ਨ ਇਹ ਸਪੱਸ਼ਟ ਕਰੇ ਕਿ 31 ਅਗਸਤ ਦੀ ਡਰਾਫਟ ਸੂਚੀ ਵਿੱਚ 746 ਵੋਟਰ ਹੋਣ ਦੇ ਬਾਅਦ ਰਾਘਵ ਚੱਢਾ ਦਾ ਨਾਂ 747ਵੀਂ ਐਂਟਰੀ ਵਜੋਂ ਕਿਵੇਂ ਦਰਜ ਹੋਇਆ? ਇਹ ਘਟਨਾਕ੍ਰਮ ਪੂਰੀ ਐੱਸਆਈਆਰ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਭਰੋਸੇਯੋਗਤਾ ‘ਤੇ ਗੰਭੀਰ ਸ਼ੱਕ ਖੜ੍ਹੇ ਕਰਦਾ ਹੈ।
ਇਸ ਤੋਂ ਪਹਿਲਾਂ ਅਨੁਰਾਗ ਢਾਂਡਾ ਨੇ ਸਵਾਲ ਉਠਾਇਆ ਸੀ ਕਿ ਜਦੋਂ ਰਾਜੇਂਦਰ ਨਗਰ ਬੂਥ ਦੀ 31 ਅਗਸਤ ਦੀ ਡਰਾਫਟ ਵੋਟਰ ਸੂਚੀ ਵਿੱਚ 746 ਵੋਟਰ ਸਨ, ਤਾਂ ਰਾਘਵ ਚੱਢਾ 747ਵੇਂ ਵੋਟਰ ਕਿਵੇਂ ਬਣ ਗਏ? ਰਾਘਵ ਚੱਢਾ ਨੇ 3 ਸਤੰਬਰ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਨਾਂ ਪੰਜਾਬ ਦੀ ਡਰਾਫਟ ਸੂਚੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਹ ਪੰਜਾਬ ਵਿੱਚ ਆਪਣੀ ਵੋਟ ਦੁਬਾਰਾ ਰਜਿਸਟਰ ਕਰਵਾਉਣ ਲਈ ਐੱਸਆਈਆਰ ਪ੍ਰਕਿਰਿਆ ਦੀ ਪਾਲਣਾ ਕਰਨਗੇ।
ਅਨੁਰਾਗ ਢਾਂਡਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਸੀ ਕਿ ਉਹ ਦੱਸੇ ਕਿ ਰਾਘਵ ਚੱਢਾ ਦਾ ਨਾਂ ਦਿੱਲੀ ਵਿੱਚ ਕਿਵੇਂ ਆਇਆ ਅਤੇ ਕਿਸ ਪ੍ਰਕਿਰਿਆ ਤਹਿਤ 747ਵੀਂ ਐਂਟਰੀ ਬਣਾਈ ਗਈ?
ਅਨੁਰਾਗ ਢਾਂਡਾ ਨੇ ਇਸ ‘ਤੇ ਅੱਗੇ ਸਵਾਲ ਉਠਾਉਂਦੇ ਹੋਏ ਪੁੱਛਿਆ ਸੀ ਕਿ ਕੀ ਰਾਘਵ ਚੱਢਾ ਦੀ ਵੋਟ ਪੰਜਾਬ ਤੋਂ ਦਿੱਲੀ ਟਰਾਂਸਫਰ ਕੀਤੀ ਗਈ ਸੀ ਅਤੇ ਕੀ ਉਨ੍ਹਾਂ ਦਾ ਏਪਿਕ ਨੰਬਰ ਉਹੀ ਰਿਹਾ? 31 ਅਗਸਤ ਦੀ ਦਿੱਲੀ ਡਰਾਫਟ ਸੂਚੀ ਵਿੱਚ ਰਾਘਵ ਚੱਢਾ ਦਾ ਨਾਂ ਨਹੀਂ ਸੀ ਅਤੇ 3 ਸਤੰਬਰ ਦੇ ਬਾਅਦ ਤੋਂ ਫਾਰਮ-9 ਦੀਆਂ ਸੂਚੀਆਂ ਵਿੱਚ ਵੀ ਉਨ੍ਹਾਂ ਦਾ ਨਾਂ ਕਿਧਰੇ ਦਰਜ ਨਹੀਂ ਸੀ।
ਅਨੁਰਾਗ ਢਾਂਡਾ ਨੇ ਚੋਣ ਕਮਿਸ਼ਨ ਤੋਂ ਇਹ ਜਨਤਕ ਕਰਨ ਦੀ ਮੰਗ ਕੀਤੀ ਸੀ ਕਿ ਫਾਰਮ-6 ਕਦੋਂ ਦਾਖਲ ਕੀਤਾ ਗਿਆ, ਕਿਸ ਪ੍ਰਕਿਰਿਆ ਤਹਿਤ ਨਾਂ ਜੋੜਿਆ ਗਿਆ ਅਤੇ ਡਰਾਫਟ ਸੂਚੀ ਪ੍ਰਕਾਸ਼ਿਤ ਹੋਣ ਦੇ ਬਾਅਦ ਇੱਕ ਨਵੀਂ ਐਂਟਰੀ ਕਿਵੇਂ ਦਰਜ ਹੋ ਗਈ?
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















