National: ਖੜ੍ਹੇ ਟਰੱਕ ਨਾਲ ਬੇਕਾਬੂ ਕਾਰ ਦੀ ਟੱਕਰ, 8 ਇੰਜੀਨੀਅਰਿੰਗ ਵਿਦਿਆਰਥੀਆਂ ਦੀ ਮੌਤ
ਕੇਰਲਾ, 5 ਸਤੰਬਰ (ਵਿਸ਼ਵ ਵਾਰਤਾ): ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੇਰ ਰਾਤ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 8 ਵਿਦਿਆਰਥੀਆਂ ਦੀ ਮੌਤ ਹੋ ਗਈ। ਹਾਦਸਾ ਰਾਸ਼ਟਰੀ ਮਾਰਗ-66 ’ਤੇ ਕੈਪਮੰਗਲਮ ਨੇੜੇ ਪਨਮਪਿਕੁੰਨੂ ਵਿੱਚ ਵਾਪਰਿਆ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਪੁਲਿਸ ਮੁਤਾਬਕ ਹਾਦਸਾ ਰਾਤ ਕਰੀਬ 11:40 ਵਜੇ ਹੋਇਆ। ਕਾਰ ਗੁਰੂਵਾਯੂਰ ਤੋਂ ਕੋਡੁੰਗੱਲੂਰ ਵੱਲ ਜਾ ਰਹੀ ਸੀ। ਸੜਕ ’ਤੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਇਸੇ ਦਿਸ਼ਾ ਵਿੱਚ ਇਕ ਟਰੱਕ ਖੜ੍ਹਾ ਸੀ।
ਹਾਦਸੇ ਵਿੱਚ ਕਾਰ ਸਵਾਰ 7 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇੱਕ ਜ਼ਖ਼ਮੀ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਤਾਮਿਲਨਾਡੂ ਨਾਲ ਸਬੰਧਤ ਵਿਦਿਆਰਥੀਆਂ ਵਜੋਂ ਕੀਤੀ ਜਾ ਰਹੀ ਹੈ। ਘਟਨਾ ਸਥਾਨ ਤੋਂ ਡਿੰਡੀਗੁਲ ਦੇ PSNA ਇੰਜੀਨੀਅਰਿੰਗ ਕਾਲਜ ਦੇ ਇੱਕ ਵਿਦਿਆਰਥੀ ਦਾ ਪਛਾਣ ਪੱਤਰ ਵੀ ਮਿਲਿਆ ਹੈ। ਇਸ ਦੇ ਆਧਾਰ ’ਤੇ ਪੁਲਿਸ ਵੱਲੋਂ ਮ੍ਰਿਤਕਾਂ ਦੀ ਪਛਾਣ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਸਥਾਨਕ ਲੋਕਾਂ ਦੇ ਨਾਲ ਪੁਲਿਸ ਅਤੇ ਫਾਇਰ ਐਂਡ ਰੈਸਕਿਊ ਟੀਮਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ। ਕਾਰ ਵਿੱਚ ਫਸੇ ਦੋ ਜ਼ਖ਼ਮੀਆਂ ਨੂੰ ਬਾਹਰ ਕੱਢਣ ਲਈ ਕਟਰ ਦੀ ਮਦਦ ਨਾਲ ਕਾਰ ਦਾ ਹਿੱਸਾ ਕੱਟਣਾ ਪਿਆ। ਬਚਾਅ ਕਾਰਜ ਪੂਰਾ ਕਰਨ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਤ੍ਰਿਸ਼ੂਰ ਮੈਡੀਕਲ ਕਾਲਜ ਦੇ ਮੁਰਦਾਘਰ ਵਿੱਚ ਭੇਜ ਦਿੱਤੀਆਂ ਗਈਆਂ ਹਨ। ਹਾਦਸੇ ਵਿੱਚ ਸ਼ਾਮਲ ਕਾਰ ਦਾ ਰਜਿਸਟ੍ਰੇਸ਼ਨ ਤਾਮਿਲਨਾਡੂ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























