Punjabi ਸਿੰਗਰ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਘਰੋਂ ਸੜੀ ਹੋਈ ਹਾਲਤ ‘ਚ ਮਿਲੀ ਲਾਸ਼
ਲੁਧਿਆਣਾ, 3 ਸਤੰਬਰ (ਵਿਸ਼ਵ ਵਾਰਤਾ): ਲੁਧਿਆਣਾ ਦਿਹਾਤੀ ਦੇ ਸੁਧਾਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਸੁਧਾਰ ਪੱਤੀ ਧਾਲੀਵਾਲ ਵਿੱਚ ਸਿੰਗਰ ਅਤੇ ਗੀਤਕਾਰ ਬਲਜੀਤ ਸਿੰਘ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਲਜੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਦਿਖ ਨਹੀਂ ਰਿਹਾ ਸੀ ਅਤੇ ਉਸਦੇ ਘਰੋਂ ਬਦਬੂ ਆਉਣ ਲੱਗ ਗਈ ਸੀ।
ਜਦੋਂ ਬਦਬੂ ਤੇਜ਼ ਹੋਣ ’ਤੇ ਆਸ-ਪਾਸ ਦੇ ਲੋਕਾਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਸੁਧਾਰ ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਨਾਲ ਘਰ ਦਾ ਦਰਵਾਜ਼ਾ ਖੁਲ੍ਹਵਾਇਆ। ਅੰਦਰ ਬੈੱਡ ’ਤੇ ਬਲਜੀਤ ਸਿੰਘ ਦੀ ਲਾਸ਼ ਸੜੀ ਹੋਈ ਹਾਲਤ ‘ਚ ਮਿਲੀ।
ਪੁਲਿਸ ਮੁਤਾਬਕ ਮੁੱਢਲੀ ਜਾਂਚ ਲੱਗ ਰਿਹਾ ਹੈ ਕਿ ਸਿੰਗਰ ਦੀ ਮੌਤ ਨੂੰ ਕਰੀਬ 4-5 ਦਿਨ ਹੋ ਚੁੱਕੇ ਹਨ ਕਿਉਂਕਿ ਲਾਸ਼ ਸੜਨ ਲੱਗ ਪਈ ਸੀ। ਲਾਸ਼ ਦੇ ਨੇੜੇ ਸੁੱਕਿਆ ਹੋਇਆ ਖੂਨ ਵੀ ਮਿਲਿਆ ਹੈ। ਹਾਲਾਂਕਿ ਖੂਨ ਦਾ ਕਾਰਨ ਅਤੇ ਬਲਜੀਤ ਸਿੰਘ ਦੀ ਮੌਤ ਕਿਵੇਂ ਹੋਈ, ਇਸ ਬਾਰੇ ਹਾਲੇ ਸਥਿਤੀ ਸਪੱਸ਼ਟ ਨਹੀਂ ਹੋਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੁਧਾਰ ਥਾਣਾ ਇੰਚਾਰਜ ਕੁਲਵਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਫੋਰੈਂਸਿਕ ਵਿਭਾਗ, ਡੌਗ ਸਕੁਐਡ ਅਤੇ CIA ਦੀਆਂ ਟੀਮਾਂ ਨੂੰ ਵੀ ਜਾਂਚ ਲਈ ਬੁਲਾਇਆ ਗਿਆ। ਟੀਮਾਂ ਵੱਲੋਂ ਘਰ ਅਤੇ ਆਸ-ਪਾਸ ਦੇ ਇਲਾਕੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਤਾਂ ਜੋ ਪਿਛਲੇ ਕੁਝ ਦਿਨਾਂ ਦੌਰਾਨ ਬਲਜੀਤ ਸਿੰਘ ਦੇ ਘਰ ਦੇ ਆਸ-ਪਾਸ ਆਉਣ-ਜਾਣ ਵਾਲੇ ਲੋਕਾਂ ਬਾਰੇ ਜਾਣਕਾਰੀ ਮਿਲ ਸਕੇ।
ਫਿਲਹਾਲ ਪੁਲਿਸ ਵੱਲੋਂ ਮੌਤ ਦੇ ਕਾਰਨਾਂ ਸਬੰਧੀ ਕਿਸੇ ਨਤੀਜੇ ’ਤੇ ਨਹੀਂ ਪਹੁੰਚਿਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੀ ਅਸਲ ਵਜ੍ਹਾ ਸਪੱਸ਼ਟ ਹੋ ਸਕੇਗੀ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























