ਮਾਤਮ ‘ਚ ਬਦਲੀਆਂ ਤਿਉਹਾਰ ਦੀਆਂ ਖੁਸ਼ੀਆਂ! ਰੱਖੜੀ ਮੌਕੇ 3 ਭੈਣਾਂ ਦੇ ਇੱਕਲੌਤੇ ਭਰਾ ਦੀ ਸੜਕ ਹਾਦਸੇ ‘ਚ ਮੌਤ
ਮੋਹਾਲੀ, 28 ਅਗਸਤ 2026 (ਵਿਸ਼ਵ ਵਾਰਤਾ) : ਅੱਜ ਰੱਖੜੀ ਦੇ ਤਿਓਹਾਰ ਮੌਕੇ ਵਾਪਰੀ ਦਰਦਨਾਕ ਘਟਨਾ ਨੇ ਇਸ ਪਵਿੱਤਰ ਦਿਨ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਰੱਖੜੀ ਬਨ੍ਹਵਾਉਣ ਜਾ ਰਹੇ 3 ਭੈਣਾਂ ਦੇ ਇੱਕਲੌਤੇ ਭਰਾ ਦੀ ਅੱਜ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸਾ ਏਅਰਪੋਰਟ ਚੌਂਕ ‘ਤੇ ਭਾਰਤ ਮਾਲਾ ਰੋਡ ‘ਤੇ ਵਾਪਰਿਆ। ਪੁਲਿਸ ਨੇ ਲਾਸ਼ ਨੂੰ ਮੌਰਚਰੀ ਵਿੱਚ ਰਖਵਾ ਦਿੱਤਾ ਹੈ।
ਮ੍ਰਿਤਕ ਦੀ ਪਛਾਣ ਪਰਮਪ੍ਰੀਤ (23) ਵਜੋਂ ਹੋਈ ਹੈ। ਉਹ ਪਿੰਡ ਮੱਛਲੀਕਲਾਂ ਦਾ ਰਹਿਣ ਵਾਲਾ ਸੀ। ਨੌਜਵਾਨ ਪੇਸ਼ੇ ਤੋਂ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ।ਉਹ ਅਜੇ ਤੱਕ ਅਣਵਿਆਹਿਆ ਸੀ। ਪੁੱਤਰ ਦੀ ਮੌਤ ਨਾਲ ਪਰਿਵਾਰ ਵਾਲੇ ਪੂਰੀ ਤਰ੍ਹਾਂ ਟੁੱਟ ਗਏ ਹਨ। ਦੂਜੇ ਪਾਸੇ, ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਹਾਦਸੇ ਦਾ ਪਤਾ ਲਗਾਇਆ ਜਾ ਸਕੇ।
ਮਿਲੀ ਜਾਣਕਾਰੀ ਅਨੁਸਾਰ ਉਹ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਪਿਛਲੇ 6 ਮਹੀਨਿਆਂ ਤੋਂ ਕੰਮ ਕਰ ਰਿਹਾ ਸੀ। ਨਾਲ ਹੀ, ਉੱਥੇ ਆਪਣੀ ਰਿਸ਼ਤੇਦਾਰੀ ਵਿੱਚ ਰਹਿ ਰਿਹਾ ਸੀ। ਘਰ ਦੀ ਜ਼ਿੰਮੇਵਾਰੀ ਵੀ ਨੌਜਵਾਨ ‘ਤੇ ਹੀ ਸੀ।
ਅੱਜ ਸਵੇਰੇ ਲਗਭਗ ਸਾਢੇ ਸੱਤ ਵਜੇ ਉਹ ਛੁੱਟੀ ਤੋਂ ਬਾਅਦ ਜ਼ੀਰਕਪੁਰ ਤੋਂ ਸਿੱਧਾ ਆਪਣੇ ਘਰ ਬਾਈਕ ‘ਤੇ ਜਾ ਰਿਹਾ ਸੀ। ਜਿਵੇਂ ਹੀ ਉਹ ਏਅਰਪੋਰਟ ਰੋਡ ‘ਤੇ ਭਾਰਤ ਮਾਲਾ ਪ੍ਰੋਜੈਕਟ ਨੇੜੇ ਪਹੁੰਚਿਆ, ਤਾਂ ਇੱਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਉਸਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਵਾਹਨ ਦੀ ਟੱਕਰ ਤੋਂ ਬਾਅਦ ਉਹ ਸੜਕ ਕਿਨਾਰੇ ਜਾ ਡਿੱਗਿਆ। ਇਸ ਦੌਰਾਨ ਸੜਕ ਦੇ ਡਿਵਾਈਡਰ ਦਾ ਐਂਗਲ ਉਸਦੇ ਸਿਰ ‘ਤੇ ਲੱਗਿਆ, ਜਿਸ ਵਜ੍ਹਾ ਨਾਲ ਬਹੁਤ ਜ਼ਿਆਦਾ ਖੂਨ ਵਹਿ ਗਿਆ।
ਜਦੋਂ ਇੱਕ ਰਾਹਗੀਰ ਨੇ ਉਸ ਨੂੰ ਇਸ ਹਾਲਤ ਚ ਦੇਖਿਆ ਤਾਂ ਉਸਨੇ ਪੁਲਿਸ ਅਤੇ ਐਂਬੂਲੈਂਸ ਨੂੰ ਫੋਨ ਕੀਤਾ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਜਦੋਂ ਤੱਕ ਐਂਬੂਲੈਂਸ ਪਹੁੰਚੀ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਮੀਦ ਹੈ ਕਿ ਕੱਲ੍ਹ ਨੌਜਵਾਨ ਦਾ ਪੋਸਟਮਾਰਟਮ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























