ਸੱਜਣ ਕੁਮਾਰ ‘ਤੇ ਦਿੱਤੇ ਬਿਆਨ ਮਗਰੋਂ ਘਿਰੇ ਦੀਪੇਂਦਰ ਹੁੱਡਾ ਦਾ ਸਪਸ਼ਟੀਕਰਨ
ਕਿਹਾ- “ਮੈਂ ਕਦੇ ਰੋਲ ਮਾਡਲ ਨਹੀਂ ਦੱਸਿਆ…”
ਹਰਿਆਣਾ, 23 ਅਗਸਤ 2026 (ਵਿਸ਼ਵ ਵਾਰਤਾ) : ਬੀਤੇ ਦਿਨੀ ਹੋਏ ਸੱਜਣ ਕੁਮਾਰ ਦੇ ਦਿਹਾਂਤ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਘਮਾਸਾਨ ਮਚਿਆ ਹੋਇਆ ਹੈ। ਆਪਣੇ ਬਿਆਨ ਵਿੱਚ ਹੁੱਡਾ ਨੇ ਸੱਜਣ ਕੁਮਾਰ ਦੇ ਦਿਹਾਂਤ ਤੋਂ ਬਾਅਦ ਸੰਵੇਦਨਾ ਪ੍ਰਗਟ ਕਰਦੇ ਹੋਏ ਉਨ੍ਹਾਂ ਦੀ ਕਾਫ਼ੀ ਸ਼ਲਾਘਾ ਕੀਤੀ ਸੀ। ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਦਾ ਕਹਿਣਾ ਸੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਨੂੰ ਰੋਲ ਮਾਡਲ ਦੱਸਣਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਥਿਤੀ ਵਿਗੜਦੀ ਦੇਖ ਕੇ ਦੀਪੇਂਦਰ ਹੁੱਡਾ ਨੇ ਆਪਣੇ ਬਿਆਨ ਨੂੰ ਲੈ ਕੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ।
ਹਰਿਆਣਾ ਦੇ ਰੋਹਤਕ ਤੋਂ ਕਾਂਗਰਸ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ ਕਿ ਮੇਰੀ ਕਦੇ ਅਜਿਹੀ ਭਾਵਨਾ ਨਹੀਂ ਰਹੀ ਕਿ ਕਿਸੇ ਨੂੰ ਠੇਸ ਪਹੁੰਚੇ। ਸਿੱਖ ਸਮਾਜ ਦਾ ਹਮੇਸ਼ਾ ਅਸੀਂ ਸਾਥ ਦਿੱਤਾ ਹੈ। ਸਿੱਖ ਸਮਾਜ ਨਾਲ ਸਾਡੇ ਪਰਿਵਾਰਿਕ ਭਾਈਚਾਰਾ ਹੈ। ਹਰ ਸੰਘਰਸ਼ ਵਿੱਚ ਅਸੀਂ ਇੱਕ-ਦੂਜੇ ਦਾ ਸਾਥ ਦਿੱਤਾ ਹੈ।
ਜਦੋਂ ਕਿਸਾਨਾਂ ‘ਤੇ ਅੱਤਿਆਚਾਰ ਹੋਇਆ ਹੈ, 750 ਕਿਸਾਨਾਂ ਦੀ ਮੌਤ ਹੋਈ ਸੀ ਤਾਂ ਉਸ ਸਮੇਂ ਵੀ ਅਸੀਂ ਸਭ ਤੋਂ ਅੱਗੇ ਆ ਕੇ ਕਿਸਾਨਾਂ ਦਾ ਸਾਥ ਦਿੱਤਾ। 84 ਦੇ ਦੰਗਿਆਂ ਦੇ ਜੋ ਵੀ ਦੋਸ਼ੀ ਹਨ, ਉਨ੍ਹਾਂ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ। ਇਹੋ ਸਾਡਾ ਸਟੈਂਡ ਹੈ। ਅਸੀਂ ਪੂਰੀ ਤਰ੍ਹਾਂ ਸਿੱਖ ਸਮਾਜ ਦੇ ਨਾਲ ਹਾਂ।”
ਹੁੱਡਾ ਨੇ ਕਿਹਾ ਕਿ 1984 ਦੇ ਦੰਗਿਆਂ ਲਈ ਜਿਨ੍ਹਾਂ ਲੋਕਾਂ ‘ਤੇ ਦੋਸ਼ ਲੱਗੇ ਹਨ, ਉਨ੍ਹਾਂ ਦੇ ਖ਼ਿਲਾਫ਼ ਕਾਨੂੰਨ ਮੁਤਾਬਕ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਦੰਗਿਆਂ ਦੇ ਦੋਸ਼ੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਜਾਂ ਪਨਾਹ ਦੇਣ ਦੀ ਗੱਲ ਨਹੀਂ ਕਹੀ ਗਈ ਹੈ।
ਦੱਸ ਦੇਈਏ ਕਿ ਕਾਂਗਰਸ ਨੇਤਾਵਾਂ ਤੋਂ ਇਲਾਵਾ ਦੀਪੇਂਦਰ ਹੁੱਡਾ ਦੇ ਬਿਆਨ ਨੂੰ ਲੈ ਕੇ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਚਾਰੇ ਪਾਸਿਓਂ ਘਿਰਨ ਤੋਂ ਬਾਅਦ ਐਤਵਾਰ ਨੂੰ ਦੀਪੇਂਦਰ ਹੁੱਡਾ ਨੇ ਆਪਣੀ ਸਫ਼ਾਈ ਪੇਸ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸੱਜਣ ਕੁਮਾਰ ਨੂੰ ਆਪਣਾ “ਰੋਲ ਮਾਡਲ” ਨਹੀਂ ਦੱਸਿਆ ਅਤੇ ਨਾ ਹੀ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























