ਸਰਕਾਰ ਨੇ ਪੈਟਰੋਲ-ਡੀਜ਼ਲ ਅਤੇ ATF ‘ਤੇ ਵਧਾਇਆ TAX!
– ਅੱਜ ਤੋਂ ਨਵੀਆਂ ਦਰਾਂ ਪੂਰੇ ਦੇਸ਼ ‘ਚ ਲਾਗੂ
– ਜਾਣੋ ਕਿੰਨਾ ਹੋਇਆ ਇਜ਼ਾਫਾ
ਨਵੀ ਦਿੱਲੀ, 3 ਅਗਸਤ 2026 (ਵਿਸ਼ਵ ਵਾਰਤਾ) : ਗਲੋਬਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਜਾਰੀ ਉਤਾਰ-ਚੜ੍ਹਾਅ ਅਤੇ ਈਰਾਨ ਨਾਲ ਜੁੜੇ ਭੂ-ਰਾਜਨੀਤਿਕ ਤਣਾਅ ਵਿਚਾਲੇ ਕੇਂਦਰ ਸਰਕਾਰ ਨੇ ਪੈਟਰੋਲੀਅਮ ਉਤਪਾਦਾਂ ਦੇ ਨਿਰਯਾਤ ‘ਤੇ ਲੱਗਣ ਵਾਲੇ ਵਿੰਡਫ਼ਾਲ ਟੈਕਸ ਵਿੱਚ ਵਾਧਾ ਕਰ ਦਿੱਤਾ ਹੈ।
ਸਰਕਾਰ ਨੇ ਪੈਟਰੋਲ ਦੇ ਨਿਰਯਾਤ ਟੈਕਸ ਨੂੰ ਵਧਾ ਕੇ 3.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਹੈ, ਜੋ ਪਹਿਲਾਂ 2.5 ਰੁਪਏ ਪ੍ਰਤੀ ਲੀਟਰ ਸੀ। ਸਰਕਾਰ ਦੇ ਅਨੁਸਾਰ, ਇਹ ਫ਼ੈਸਲਾ ਘਰੇਲੂ ਬਾਜ਼ਾਰ ਵਿੱਚ ਪੈਟਰੋਲ ਦੀ ਉਪਲਬਧਤਾ ਬਣਾਏ ਰੱਖਣ ਲਈ ਲਿਆ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ ‘ਤੇ ਕੁੱਲ ਨਿਰਯਾਤ ਟੈਕਸ ਵਿੱਚ ਵੀ ਵੱਡਾ ਵਾਧਾ ਕੀਤਾ ਗਿਆ ਹੈ। ਦੋ ਵੱਖ-ਵੱਖ ਟੈਕਸਾਂ ਨੂੰ ਮਿਲਾ ਕੇ ਹੁਣ ਡੀਜ਼ਲ ‘ਤੇ 25.5 ਰੁਪਏ ਪ੍ਰਤੀ ਲੀਟਰ ਟੈਕਸ ਲੱਗੇਗਾ, ਜਦੋਂ ਕਿ 15 ਦਿਨ ਪਹਿਲਾਂ ਤੱਕ ਇਹ 15.5 ਰੁਪਏ ਪ੍ਰਤੀ ਲੀਟਰ ਸੀ।
ਇਸੇ ਤਰ੍ਹਾਂ ਐਵੀਏਸ਼ਨ ਟਰਬਾਈਨ ਈਂਧਨ (ATF) ਦੇ ਨਿਰਯਾਤ ‘ਤੇ ਲੱਗਣ ਵਾਲਾ ਟੈਕਸ ਵੀ ਵਧਾ ਦਿੱਤਾ ਗਿਆ ਹੈ। ਹੁਣ ATF ‘ਤੇ 22 ਰੁਪਏ ਪ੍ਰਤੀ ਲੀਟਰ ਦਾ ਨਿਰਯਾਤ ਟੈਕਸ ਦੇਣਾ ਹੋਵੇਗਾ, ਜਦੋਂ ਕਿ ਪਹਿਲਾਂ ਇਹ 14.5 ਰੁਪਏ ਪ੍ਰਤੀ ਲੀਟਰ ਸੀ। ਨਵੀਂਆਂ ਦਰਾਂ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ।
ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਘਰੇਲੂ ਬਾਜ਼ਾਰ ਵਿੱਚ ਬਾਲਣ ਦੀ ਢੁਕਵੀਂ ਉਪਲਬਧਤਾ ਯਕੀਨੀ ਬਣਾਉਣਾ ਅਤੇ ਅੰਤਰਰਾਸ਼ਟਰੀ ਊਰਜਾ ਬਾਜ਼ਾਰ ਵਿੱਚ ਹੋਣ ਵਾਲੀਆਂ ਤਬਦੀਲੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰਨਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























