Punjab ਦੀ ਧੀ ਨੇ ਯੂਕੇ ‘ਚ ਪਹਿਲੀ ਪੰਜਾਬੀ ਮੇਅਰ ਬਣ ਕੇ ਰਚਿਆ ਇਤਿਹਾਸ
ਚੰਡੀਗੜ੍ਹ, 2 ਅਗਸਤ (ਵਿਸ਼ਵ ਵਾਰਤਾ): ਪੰਜਾਬ ਦੇ ਫਿਲੌਰ ਵਿੱਚ ਜੰਮੀ ਅਤੇ ਪਲੀ ਨਿਰਮਲ ਸਹਿਗਲ (77) ਨੇ ਯੂਕੇ (ਯੂਨਾਈਟਿਡ ਕਿੰਗਡਮ) ਦੇ ਪੋਂਟੇਲੈਂਡ ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਨਿਰਮਲ ਸਹਿਗਲ ਦੀ ਇਹ ਉਪਲਬਧੀ ਨਾ ਸਿਰਫ਼ ਫਿਲੌਰ ਅਤੇ ਪੰਜਾਬ, ਸਗੋਂ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਮੰਨੀ ਜਾ ਰਹੀ ਹੈ।
ਨਿਰਮਲ ਸਹਿਗਲ ਦੇ ਪਿਤਾ ਲਾਲਾ ਈਸ਼ਵਰ ਦਾਸ ਵਢੇਰਾ ਫਿਲੌਰ ਵਿੱਚ ਸਬ-ਰਜਿਸਟਰਾਰ ਰਹੇ ਹਨ। ਨਿਰਮਲ ਸਹਿਗਲ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ, ਫਿਲੌਰ ਤੋਂ ਕੀਤੀ। ਇਸ ਤੋਂ ਬਾਅਦ ਸਰਕਾਰੀ ਕਾਲਜ ਫਾਰ ਵਿਮੈਨ, ਲੁਧਿਆਣਾ ਤੋਂ ਗ੍ਰੈਜੂਏਸ਼ਨ ਅਤੇ ਡੀਏਵੀ ਕਾਲਜ, ਜਲੰਧਰ ਤੋਂ ਅੰਗਰੇਜ਼ੀ ਵਿੱਚ ਐੱਮ.ਏ. ਦੀ ਡਿਗਰੀ ਹਾਸਲ ਕੀਤੀ ਹੈ।
ਮਾਰਚ 1969 ਵਿੱਚ ਉਹ ਆਪਣੇ ਪਤੀ ਪੁਰਸ਼ੋਤਮ ਡੀ. ਸਹਿਗਲ ਨਾਲ ਯੂਕੇ ਚਲੀ ਗਈ। ਉੱਥੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਾਇਬ੍ਰੇਰੀਅਨ ਵਜੋਂ ਕੀਤੀ, ਪਰ ਬਾਅਦ ਵਿੱਚ ਸਮਾਜ ਸੇਵਾ ਨੂੰ ਆਪਣਾ ਮਿਸ਼ਨ ਬਣਾ ਲਿਆ। ਉਨ੍ਹਾਂ ਨੇ ਭਾਰਤੀ ਅਤੇ ਖ਼ਾਸ ਕਰਕੇ ਪੰਜਾਬੀ ਪ੍ਰਵਾਸੀਆਂ ਨੂੰ ਸਰਕਾਰੀ ਦਫ਼ਤਰਾਂ ਦੇ ਕੰਮ, ਅਨੁਵਾਦ, ਹਸਪਤਾਲੀ ਸੇਵਾਵਾਂ ਅਤੇ ਹੋਰ ਲੋੜੀਂਦੀਆਂ ਪ੍ਰਕਿਰਿਆਵਾਂ ਵਿੱਚ ਹਰ ਸੰਭਵ ਮਦਦ ਦਿੱਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























