ਆਸਟਰੇਲੀਆ ਗੁਰੂਘਰ ਅਗਨੀਕਾਂਡ ’ਤੇ ਕੁਲਦੀਪ ਸਿੰਘ ਗੜਗੱਜ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ; ਉੱਚ ਪੱਧਰੀ ਰਿਪੋਰਟ ਤਲਬ
ਚੰਡੀਗੜ੍ਹ, 27 ਜੁਲਾਈ(ਵਿਸ਼ਵ ਵਾਰਤਾ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਸਟਰੇਲੀਆ ਦੇ ਵਰਜੀਨੀਆ ਵਿਖੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਇਮਾਰਤ ਅੱਗ ਕਾਰਨ ਨੁਕਸਾਨੇ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਇਸ ਘਟਨਾ ਦੀ ਮੁਕੰਮਲ ਰਿਪੋਰਟ ਭੇਜਣ ਦੇ ਆਦੇਸ਼ ਦਿੱਤੇ ਹਨ।
ਵਰਜੀਨੀਆ ਵਿੱਚ ਵਾਪਰੀ ਘਟਨਾ ਦੇ ਸਬੰਧ ਵਿੱਚ ਜਥੇਦਾਰ ਗਿਆਨੀ ਗੜਗੱਜ ਨੇ ਸੈਂਟਰਲ ਸਿੱਖ ਐਸੋਸੀਏਸ਼ਨ ਆਫ਼ ਨਿਊਜ਼ੀਲੈਂਡ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ, ਆਸਟਰੇਲੀਅਨ ਸਿੱਖ ਕੌਂਸਲ ਤੋਂ ਮਨਦੀਪ ਸਿੰਘ, ਗੁਰਦੁਆਰਾ ਕੌਂਸਲ ਆਫ਼ ਵਿਕਟੋਰੀਆ ਤੋਂ ਰਵੀ ਇੰਦਰ ਸਿੰਘ ਤੇ ਪ੍ਰੀਤਮ ਸਿੰਘ ਅਤੇ ਐਡੀਲੇਡ ਤੋਂ ਗੁਰਿੰਦਰਜੀਤ ਸਿੰਘ ਨੂੰ ਆਦੇਸ਼ ਕੀਤਾ ਹੈ ਕਿ ਉਹ ਆਪਣੇ ਨਾਲ ਸਿੰਘ ਲੈ ਕੇ ਮੌਕੇ ਉੱਤੇ ਜਾ ਕੇ ਜਾਇਜ਼ਾ ਲੈਣਗੇ, ਇਸ ਘਟਨਾ ਅਤੇ ਗੁਰੂ ਘਰ ਵਿੱਚ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਸਬੰਧੀ ਸਮੁੱਚੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਣਗੇ। ਉਨ੍ਹਾਂ ਕਿਹਾ ਕਿ ਇਹ ਟੀਮ ਆਸਟ੍ਰੇਲੀਆ ਦੇ ਸਥਾਨਕ ਪ੍ਰਸ਼ਾਸਨ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਪ੍ਰਬੰਧਕਾਂ ਨਾਲ ਤਾਲਮੇਲ ਕਰਕੇ ਘਟਨਾ ਦੀ ਸਮੁੱਚੀ ਜਾਣਕਾਰੀ ਹਾਸਲ ਕਰੇਗੀ। ਉਨ੍ਹਾਂ ਗੁਰਦੁਆਰਾ ਦਸ਼ਮੇਸ਼ ਦਰਬਾਰ ਵਰਜੀਨੀਆ ਦੀ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ ਕਿ ਉਹ ਆਪ ਵੀ ਇਸ ਘਟਨਾ ਦੀ ਸਮੁੱਚੀ ਜਾਣਕਾਰੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ।
ਮਿਲੀ ਜਾਣਕਾਰੀ ਅਨੁਸਾਰ ਐਤਵਾਰ ਰਾਤ ਵਾਪਰੀ ਇਸ ਦੁਖਦਾਈ ਘਟਨਾ ’ਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀ ਇਮਾਰਤ ਭਿਆਨਕ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਵੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੁਨੀਆ ਵਿੱਚ ਵੱਸਦੀ ਸਿੱਖ ਸੰਗਤ ਨੂੰ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਗੁਰੂ ਘਰਾਂ ਅੰਦਰ ਅਜਿਹੀਆਂ ਘਟਨਾਵਾਂ ਨਾ ਵਾਪਰਨ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਆਦੇਸ਼ ਦਿੱਤਾ।























