ਸਿਟ ਵੱਲੋਂ ਅਦਾਲਤ ਵਿਚ ਦਾਖ਼ਲ ਕੀਤੀ ਗੈਰਕਾਨੂੰਨੀ ਚਾਰਜਸ਼ੀਟ ਦਾ ਪਰਦਾਫਾਸ਼ ਕੀਤਾ
ਕਿਹਾ ਕਿ ਸਿਟ ਦੇ ਆਈਜੀ ਨੇ 23 ਮਈ ਨੂੰ ਚਾਰਜਸ਼ੀਟ ਫਾਇਲ ਕੀਤੀ ਸੀ, ਜਦਕਿ ਉਸ ਨੂੰ ਦੁਬਾਰਾ ਸਿਟ ਇੰਚਾਰਜ 27 ਮਈ ਨੂੰ ਲਾਇਆ ਗਿਆ ਸੀ
ਜਾਂਚ ਸੁਪਰੀਮ ਕੋਰਟ ਜੱਜ ਦੀ ਨਿਗਰਾਨੀ ਵਾਲੀ ਕਿਸੇ ਸੁਤੰਤਰ ਏਜੰਸੀ ਨੂੰ ਸੌਂਪੇ ਜਾਣ ਦੀ ਮੰਗ ਕੀਤੀ
ਚੰਡੀਗੜ੍ਹ/30 ਮਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੋਟਕਪੂਰਾ ਅਤੇ ਬਹਿਬਲ ਕਲਾਂ ਪੁਲਿਸ ਕਾਰਵਾਈ ਦੀ ਸਿਆਸਤ ਅਤੇ ਬਦਲੇਖੋਰੀ ਤੋਂ ਪ੍ਰੇਰਿਤ ਸਿਟ ਜਾਂਚ ਕਰਨ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤੇ ਗਏ ਗੈਰਕਾਨੂੰਨੀ ਚਲਾਨ ਨਾਲ ਇਸ ਜਾਂਚ ਪਿਛਲੀ ਅਸਲੀ ਨੀਅਤ ਦਾ ਪਰਦਾਫਾਸ਼ ਹੋ ਚੁੱਕਿਆ ਹੈ।
ਅਕਾਲੀ ਦਲ ਦੇ ਸੀਨੀਅਰ ਆਗੂ ਨੇ ਇਸ ਸੰਬੰਧ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਚਾਰਜਸ਼ੀਟ ਉੱਤੇ ਆਈ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ 23 ਮਈ ਨੂੰ ਦਸਤਖ਼ਤ ਕੀਤੇ ਗਏ ਸਨ ਜਦਕਿ ਚੋਣ ਜ਼ਾਬਤਾ 26 ਮਈ ਨੂੰ ਚੁੱਕਿਆ ਗਿਆ ਸੀ ਅਤੇ ਇਸ ਪੁਲਿਸ ਅਧਿਕਾਰੀ ਨੂੰ ਦੁਬਾਰਾ 27 ਮਈ ਨੂੰ ਸਿਟ ਟੀਮ ਦਾ ਮੈਂਬਰ ਲਾਇਆ ਗਿਆ ਸੀ। ਉਸ ਤੋਂ ਪਹਿਲਾਂ ਆਈਜੀ ਨੂੰ ਸਿਆਸਤ ਤੋਂ ਪ੍ਰੇਰਿਤ ਬਿਆਨਬਾਜ਼ੀ ਕਰਨ ਕਰਕੇ ਚੋਣ ਕਮਿਸ਼ਨ ਵੱਲੋਂ ਸਿਟ ਤੋਂ ਹਟਾ ਦਿੱਤਾ ਗਿਆ ਸੀ।
ਇਹ ਟਿੱਪਣੀ ਕਰਦਿਆਂ ਕਿ ਇਹ ਮਾੜੀ ਨੀਅਤ ਨਾਲ ਤਿਆਰ ਕੀਤੇ ਮਨਘੜਤ ਦਸਤਾਵੇਜ਼ਾਂ ਦਾ ਮਾਮਲਾ ਹੈ, ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਕਾਰਵਾਈ ਨੇ ਸਾਬਿਤ ਕਰ ਦਿੱਤਾ ਹੈ ਕਿ ਚੋਣ ਕਮਿਸ਼ਨ ਵੱਲੋਂ ਹਟਾਏ ਜਾਣ ਤੋਂ ਬਾਅਦ ਵੀ ਆਈਜੀ ਸਿਟ ਮੈਂਬਰ ਵਜੋਂ ਕੰਮ ਕਰਦਾ ਰਿਹਾ ਅਤੇ ਉਸ ਨੇ ਆਪਣੇ ਦਸਤਖ਼ਤਾਂ ਥੱਲੇ ਉਸ ਸਮੇਂ ਫਰੀਦਕੋਟ ਦੀ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ, ਜਦੋਂ ਉਸ ਕੋਲ ਸਿਟ ਮੈਂਬਰ ਦਾ ਅਹੁਦਾ ਵੀ ਨਹੀਂ ਸੀ। ਉਹਨਾਂ ਕਿਹਾ ਕਿ ਇਹ ਸਪੱਸ਼ਟ ਤੌਰ ਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਉਲੰਘਣਾ ਦਾ ਮਾਮਲਾ ਹੈ ਅਤੇ ਆਪਣੇ ਆਪ ਵਿਚ ਇੱਕ ਅਪਰਾਧਿਕ ਕਾਰਵਾਈ ਹੈ।
ਅਕਾਲੀ ਆਗੂਆਂ, ਜਿਹਨਾਂ ਵਿਚ ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਢੀਂਡਸਾ ਅਤੇ ਦਰਬਾਰਾ ਸਿੰਘ ਗੁਰੂ ਵੀ ਸ਼ਾਮਿਲ ਸਨ, ਨੇ ਕਾਂਗਰਸੀ ਸਿਟ ਦੀਆਂ ਲੱਭਤਾਂ ਉੱਤੇ ਵੀ ਸੁਆਲ ਉਠਾਇਆ। ਉਹਨਾਂ ਕਿਹਾ ਕਿ ਇੱਕ ਵੱਖਰੀ ਸਿਟ ਸੀਨੀਅਰ ਪੁਲਿਸ ਅਧਿਕਾਰੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਬੇਅਦਬੀ ਦੇ ਕੇਸਾਂ ਦੀ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਸਿਟ ਆਪਣੀ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ ਅਤੇ ਇਸ ਦੀ ਰਿਪੋਰਟ ਵਿਚ ਕਿਸੇ ਵੀ ਅਕਾਲੀ ਆਗੂ ਦਾ ਕੋਈ ਸੰਕੇਤਕ ਹਵਾਲਾ ਵੀ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਜਿਸ ਸਿਟ ਦਾ ਆਈਜੀ ਕੁੰਵਰ ਪ੍ਰਤਾਪ ਮੈਂਬਰ ਹੈ ਅਤੇ ਜਿਹੜੀ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਕਾਰਵਾਈ ਦੀ ਜਾਂਚ ਕਰ ਰਹੀ ਹੈ, ਨੇ ਬਹੁਤ ਹੀ ਬੇਬੁਨਿਆਦ ਅਤੇ ਮਨਘੜਤ ਦੋਸ਼ ਲਾਏ ਹਨ। ਇਸ ਤੋਂ ਅਕਾਲੀ ਦਲ ਇਸ ਦਲੀਲ ਦੀ ਪੁਸ਼ਟੀ ਹੁੰਦੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਅਕਾਲੀ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਸਿਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਬਹੁਤ ਹੀ ਪੱਖਪਾਤੀ ਅਤੇ ਪੂਰਵ-ਨਿਰਧਾਰਿਤ ਜਾਂਚ ਹੈ, ਜਿਸ ਵਿਚ ਆਈਜੀ ਕਾਂਗਰਸ ਪਾਰਟੀ ਦੇ ਪਿਆਦੇ ਵਜੋਂ ਕੰਮ ਕਰ ਰਿਹਾ ਹੈ ਅਤੇ ਉਸ ਨੇ ਆਪਣੇ ਸਿਆਸੀ ਰਹਿਬਰਾਂ ਦੇ ਕਹਿਣ ਤੇ ਇੱਕ ਝੂਠੀ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਹੈ।
ਇਹ ਟਿੱਪਣੀ ਕਰਦਿਆਂ ਕਿ ਸੀਬੀਆਈ ਤੋਂ ਜਾਂਚ ਵਾਪਸ ਲੈਕੇ ਅਤੇ ਇੱਕ ਜੀ-ਹਜ਼ੂਰੀਏ ਅਧਿਕਾਰੀਆਂ ਦੀ ਸਿਟ ਨੂੰ ਸੌਂਪ ਕੇ ਕੋਟਕਪੂਰਾ ਅਤੇ ਬਹਿਬਲਕਲਾਂ ਵਿਚ ਪੁਲਿਸ ਕਾਰਵਾਈ ਦਾ ਸਿਆਸੀਕਰਨ ਕੀਤਾ ਜਾ ਚੁੱਕਾ ਹੈ, ਅਕਾਲੀ ਆਗੂਆਂ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਕਾਂਗਰਸ ਪਾਰਟੀ ਨੇ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਨੂੰ ਵੱਖਵਾਦੀ ਅਤੇ ਅੱਤਵਾਦੀ ਵਜੋਂ ਪੇਸ਼ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਨੇ 2017 ਵਿਚ ਸੂਬੇ ਦੀ ਸੱਤਾ ਸੰਂਭਾਲੀ ਸੀ ਤਾਂ ਇਸ ਨੇ ਅਕਾਲੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਰਣਜੀਤ ਸਿੰਘ ਕਮਿਸ਼ਨ ਬਣਾਇਆ ਸੀ। ਹੁਣ ਇਸ ਨੇ ਇੱਕ ਝੂਠੀ ਅਤੇ ਮਨਘੜਤ ਚਾਰਜਸ਼ੀਟ ਤਿਆਰ ਕੀਤੀ ਹੈ।
ਇਹ ਟਿੱਪਣੀ ਕਰਦਿਆਂ ਕਿ ਅਕਾਲੀ ਦਲ ਇਸ ਤਰ੍ਹਾਂ ਨਹੀਂ ਝੁਕੇਗਾ, ਡਾਕਟਰ ਚੀਮਾ ਨੇ ਕਿਹਾ ਅਸੀਂ ਇਸ ਫਰੇਬੀ ਕਾਰਵਾਈ ਨੂੰ ਚੁਣੌਤੀ ਦਿਆਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਝੂਠੇ ਅਤੇ ਮਨਘੜਤ ਦਸਤਾਵੇਜ਼ ਤਿਆਰ ਕਰਨ ਲਈ ਆਈਜੀ ਖ਼ਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਅਕਾਲੀ ਦਲ ਇਹਨਾਂ ਮੰਦਭਾਗੀਆਂ ਘਟਨਾਵਾਂ ਦੀ ਨਿਰਪੱਖ ਜਾਂਚ ਕਰਵਾਉਣ ਲਈ ਵਚਨਬੱਧ ਹੈ ਅਤੇ ਮੰਗ ਕਰ ਚੁੱਕਿਆ ਹੈ ਕਿ ਇਹ ਸਮੁੱਚੀ ਜਾਂਚ ਕਿਸੇ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਹੇਠ ਕਿਸੇ ਸੁਤੰਤਰ ਜਾਂਚ ਏਜੰਸੀ ਨੂੰ ਸੌਂਪੀ ਜਾਵੇ।