ਦਸਤਾਰ ਸਜਾ ਜਲੰਧਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
– ਪੰਜਾਬੀ ਵਿੱਚ ਕੀਤੀ ਭਾਸ਼ਣ ਦੀ ਸ਼ੁਰੂਆਤ
– 5,470 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦੀ ਦਿੱਤੀ ਸੌਗਾਤ
ਜਲੰਧਰ, 17 ਜੁਲਾਈ 2026 (ਵਿਸ਼ਵ ਵਾਰਤਾ ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੰਡੀਗੜ੍ਹ ਅਤੇ ਪੰਜਾਬ ਦੇ ਦੌਰੇ ‘ਤੇ ਹਨ। ਪੀ.ਐਮ. ਨਰਿੰਦਰ ਮੋਦੀ ਚੰਡੀਗੜ੍ਹ ਤੋਂ ਬਾਅਦ ਜਲੰਧਰ ਪਹੁੰਚੇ ਹਨ। ਇੱਥੇ ਉਨ੍ਹਾਂ ਨੇ 5,470 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਰੈਲੀ ਵਿੱਚ ਵਿਕਰਮਜੀਤ ਸਾਹਨੀ, ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਵੀ ਮੌਜੂਦ ਰਹੇ।
ਦੱਸ ਦਈਏ ਕਿ ਪੀ.ਐਮ. ਨੇ ਪੰਜਾਬੀ ਵਿੱਚ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਨੇ ਕਿਹਾ, “ਅੱਜ ਮੈਨੂੰ ਪੰਜਾਬ ਦੀ ਧਰਤੀ, ਗੁਰੂਆਂ-ਪੀਰਾਂ ਦੀ ਧਰਤੀ ‘ਤੇ ਆ ਕੇ ਮਾਣ ਮਹਿਸੂਸ ਹੋ ਰਿਹਾ ਹੈ। ਪੰਜਾਬੀਓ ਕਿਵੇਂ ਹੋ? ਚੜ੍ਹਦੀ ਕਲਾ ‘ਚ ਹੋ।” ਉਨ੍ਹਾਂ ਨੇ ਕਿਹਾ ਕਿ ਸਾਥੀਓ, ਅਸੀਂ ਗੁਰੂਆਂ ਦਾ ਸਨਮਾਨ ਕੀਤਾ ਹੈ। ਇਸੇ ਤਰਜ਼ ‘ਤੇ ਅਸੀਂ ਆਦਮਪੁਰ ਏਅਰਪੋਰਟ ਦਾ ਨਾਂ ਗੁਰੂ ਰਵਿਦਾਸ ਮਹਾਰਾਜ ਦੇ ਨਾਂ ‘ਤੇ ਰੱਖਿਆ ਹੈ।
ਪੀ.ਐਮ. ਨੇ ਕਿਹਾ ਕਿ ਹੁਣ ਜਦੋਂ ਤੁਸੀਂ ਇੱਥੇ ਜਲੰਧਰ ਕੈਂਟ ਸਟੇਸ਼ਨ ‘ਤੇ ਜਾਓਗੇ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਸਾਡਾ ਦੇਸ਼ ਵਿਕਸਿਤ ਰਾਸ਼ਟਰ ਬਣਨ ਜਾ ਰਿਹਾ ਹੈ। ਇਹ ਸਿਰਫ਼ ਇੱਕ ਸਟੇਸ਼ਨ ਨਹੀਂ ਹੈ, ਸਗੋਂ ਇੱਕ ਸਿਟੀ ਸੈਂਟਰ ਹੈ। ਇਸ ਦੀ ਸਮਰੱਥਾ ਵੀ ਵਧ ਗਈ ਹੈ। ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਸਟੇਸ਼ਨਾਂ ਦਾ ਵੀ ਕਾਇਆਕਲਪ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਇੱਥੋਂ ਦੇ ਸਥਾਨਕ ਕਾਰੀਗਰਾਂ ਨੂੰ ਵੀ ਰੁਜ਼ਗਾਰ ਮਿਲਿਆ ਹੈ। ਇੱਥੋਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਕੰਮ ਮਿਲੇ, ਇਸ ਲਈ ਉਨ੍ਹਾਂ ਦੇ ਉਤਪਾਦ ਵੇਚਣ ਦੀ ਵੀ ਸਹੂਲਤ ਦਿੱਤੀ ਗਈ ਹੈ। ਜਿਵੇਂ ਜਲੰਧਰ ਸਪੋਰਟਸ ਸਿਟੀ ਹੈ, ਤਾਂ ਇੱਥੋਂ ਦੇ ਸਟੇਸ਼ਨ ‘ਤੇ ਤੁਹਾਨੂੰ ਖੇਡਾਂਦੀ ਝਲਕ ਮਿਲੇਗੀ। ਅਨੰਦਪੁਰ ਸਾਹਿਬ ਸਟੇਸ਼ਨ ‘ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਵੀ ਦਿਖੇਗੀ। ਇਸੇ ਤਰ੍ਹਾਂ ਕਾਲਕਾ ਵਿੱਚ ਕਾਲਿਕਾ ਮਾਤਾ ਦੇ ਦਰਸ਼ਨ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਸਾਥੀਓ, ਪੰਜਾਬ ਵਿੱਚ ਹੁਣ ਭਾਜਪਾ ਸਰਕਾਰ ਦੀ ਲੋੜ ਹੈ। ਭਾਜਪਾ ਸਰਕਾਰ ਹੀ ਪੰਜਾਬ ਦਾ ਵਿਕਾਸ ਕਰ ਸਕਦੀ ਹੈ। ਅੱਜ ਜਲੰਧਰ ਆਇਆ ਹਾਂ ਤਾਂ ਨੌਜਵਾਨਾਂ ਨੂੰ ਇੱਕ ਗੱਲ ਕਹਾਂਗਾ। ਮੈਨੂੰ ਪੰਜਾਬ ਦੇ ਨੌਜਵਾਨਾਂ ‘ਤੇ ਪੂਰਾ ਭਰੋਸਾ ਹੈ। ਪੰਜਾਬ ਦੇ ਨੌਜਵਾਨ ਖੇਡ ਦੇ ਮੈਦਾਨ ਵਿੱਚ ਜੋ ਜਜ਼ਬਾ ਦਿਖਾਉਂਦੇ ਹਨ, ਉਹ ਬਹੁਤ ਸ਼ਲਾਘਾਯੋਗ ਹੈ। ‘ਖੇਲੋ ਇੰਡੀਆ’ ਪਾਲਿਸੀ ਤੁਹਾਡੇ ਲਈ ਹੀ ਹੈ।ਨਵੀਂ ਆਰਥਿਕਤਾ ਦੇ ਕੇਂਦਰ ਵਿੱਚ ਖੇਡਾਂ ਵੀ ਹਨ, ਜੋ ਜਲੰਧਰ ਲਈ ਇੱਕ ਵਰਦਾਨ ਹੈ। ਮੈਂ ਹਾਲ ਹੀ ‘ਚ ਨਿਊਜ਼ੀਲੈਂਡ ਗਿਆ ਸੀ, ਉੱਥੇ ਖੇਡਾਂ ਦੇ ਖੇਤਰ ਵਿੱਚ 5 ਵੱਡੇ ਸਮਝੌਤੇ ਹੋਏ ਹਨ। ਇਸ ਲਈ ਪੰਜਾਬ ਦੇ ਨੌਜਵਾਨੋ ਖੇਡਾਂ ਨਾਲ ਜੁੜੋ। ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ। ਮੋਦੀ ਹਮੇਸ਼ਾ ਪੰਜਾਬ ਦੇ ਨੌਜਵਾਨਾਂ ਦੇ ਨਾਲ ਹੈ।
ਇਸ ਤੋਂ ਇਲਾਵਾ ਪੀ.ਐਮ. ਨੇ ਕਿਹਾ ਕਿ ਅੱਜ ਲੁਧਿਆਣਾ ਬਾਈਪਾਸ, ਕਟੜਾ-ਦਿੱਲੀ ਦੇ ਨਵੇਂ ਸੈਕਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਮੈਂ ਇਸ ਖ਼ਾਸ ਮੌਕੇ ‘ਤੇ ਪੰਜਾਬ ਦੇ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ ਪਰ ਸਾਡਾ ਪੰਜਾਬ ਵਿਕਸਿਤ ਹੋਵੇ, ਇਸ ਦੇ ਲਈ ਕੇਂਦਰ ਦੀ ਭਾਜਪਾ-ਐਨ.ਡੀ.ਏ. (NDA) ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।ਪੀ.ਐਮ. ਨੇ ਕਿਹਾ ਕਿ ਮੈਂ ਅਖ਼ੀਰ ਵਿੱਚ ਇੱਕ ਵਾਰ ਫਿਰ ਪੰਜਾਬ ਨੂੰ ਵਿਕਾਸ ਕਾਰਜਾਂ ਲਈ ਵਧਾਈ ਦਿੰਦਾ ਹਾਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























