ਰੋਹਿੰਗਿਆ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਪਲਟੀਆਂ
– 500 ਤੋਂ ਵੱਧ ਮੌਤਾਂ ਦਾ ਖਦਸ਼ਾ
ਨਵੀ ਦਿੱਲੀ, 16 ਜੁਲਾਈ 2026 (ਵਿਸ਼ਵ ਵਾਰਤਾ) : ਮਿਆਂਮਾਰ ਦੇ ਤੱਟ ਨੇੜੇ ਬੰਗਾਲ ਦੀ ਖਾੜੀ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਪਲਟ ਗਈਆਂ, ਜਿਸ ਤੋਂ ਬਾਅਦ 500 ਤੋਂ ਵੱਧ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਅਤੇ ਯੂਨਾਈਟਿਡ ਨੇਸ਼ਨਜ਼ ਹਾਈ ਕਮਿਸ਼ਨਰ ਫਾਰ ਰਿਫਿਊਜੀਜ਼ (UNHCR) ਦੇ ਬਿਆਨ ਮੁਤਾਬਕ, ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਜੂਨ ਦੇ ਅਖੀਰ ਵਿੱਚ ਮਿਆਂਮਾਰ ਦੇ ਪੱਛਮੀ ਰਾਜ ਰਖਾਈਨ ਤੋਂ ਦੋ ਕਿਸ਼ਤੀਆਂ ਰਵਾਨਾ ਹੋਈਆਂ ਸਨ।
ਇਨ੍ਹਾਂ ਵਿੱਚ ਜ਼ਿਆਦਾਤਰ ਰੋਹਿੰਗਿਆ ਯਾਤਰੀ ਸਵਾਰ ਸਨ ਅਤੇ ਕੁਝ ਅਜਿਹੇ ਲੋਕ ਵੀ ਸ਼ਾਮਲ ਸਨ ਜੋ ਬੰਗਲਾਦੇਸ਼ ਵਿੱਚ ਮੌਜੂਦ ਰਿਫਿਊਜੀ ਕੈਂਪਾਂ ਤੋਂ ਆਏ ਸਨ। ਏਜੰਸੀਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ, “ਘਟਨਾਵਾਂ ਅਤੇ ਮਰਨ ਵਾਲਿਆਂ ਦੀ ਗਿਣਤੀ ਦੀ ਅਜੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ, ਪਰ UNHCR ਅਤੇ IOM ਸੰਭਾਵਿਤ ਤੌਰ ‘ਤੇ ਵੱਡੇ ਜਾਨੀ-ਮਾਲੀ ਨੁਕਸਾਨ ਨੂੰ ਲੈ ਕੇ ਬੇਹੱਦ ਚਿੰਤਤ ਹਨ।”
ਯੂ.ਐੱਨ.ਐੱਚ.ਸੀ.ਆਰ. (UNHCR) ਅਤੇ ਆਈ.ਓ.ਐੱਮ. (IOM) ਦੇ ਅਨੁਸਾਰ, ਦੋਵੇਂ ਬੇੜੀਆਂ ਜੂਨ ਦੇ ਅਖੀਰ ਵਿੱਚ ਮਿਆਂਮਾਰ ਦੇ ਰਖਾਈਨ ਸੂਬੇ ਤੋਂ ਰਵਾਨਾ ਹੋਈਆਂ ਸਨ। ਇਨ੍ਹਾਂ ਵਿੱਚੋਂ ਬਹੁਤੇ ਯਾਤਰੀ ਰੋਹਿੰਗਿਆ ਭਾਈਚਾਰੇ ਦੇ ਸਨ। ਪਹਿਲੀ ਬੇੜੀ ਦਾ ਸੰਪਰਕ ਰਵਾਨਾ ਹੋਣ ਦੇ ਕੁਝ ਸਮੇਂ ਬਾਅਦ ਹੀ ਟੁੱਟ ਗਿਆ ਸੀ। ਇਸ ਵਿੱਚ ਕਰੀਬ 250 ਲੋਕ ਸਵਾਰ ਸਨ। ਦੂਜੀ ਵਿੱਚ ਲਗਭਗ 280 ਲੋਕ ਸਨ ਅਤੇ ਇਸ ਦੇ 8 ਜੁਲਾਈ ਨੂੰ ਮਿਆਂਮਾਰ ਦੇ ਅਯੇਯਾਰਵਾਡੀ ਤੱਟ ਦੇ ਨੇੜੇ ਡੁੱਬਣ ਦਾ ਖ਼ਦਸ਼ਾ ਹੈ।























