ਸ਼ੈਮਰੋਕ ਸਕੂਲ, ਸੈਕਟਰ-69 ਮੋਹਾਲੀ ਵਿਖੇ ਵਿਦਿਆਰਥੀਆਂ ਨੂੰ ਨਸ਼ਾ ਮੁਕਤੀ ਅਤੇ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਜੁਲਾਈ (ਸਤੀਸ਼ ਕੁਮਾਰ ਪੱਪੀ);- ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ. ਨਗਰ ਸ੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਅਤੇ ਕਪਤਾਨ ਪੁਲਿਸ (ਟ੍ਰੈਫਿਕ) ਸ੍ਰੀ ਨਵਨੀਤ ਸਿੰਘ ਮਾਹਲ, ਪੀ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਅੱਜ ਸ਼ੈਮਰੋਕ ਸਕੂਲ, ਸੈਕਟਰ-69, ਮੋਹਾਲੀ ਵਿਖੇ ਨਸ਼ਾ ਮੁਕਤੀ ਅਤੇ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸ. ਕਰਨੈਲ ਸਿੰਘ, ਪੀ.ਪੀ.ਐਸ., ਉਪ ਕਪਤਾਨ ਪੁਲਿਸ (ਟ੍ਰੈਫਿਕ) ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਪ ਕਪਤਾਨ ਪੁਲਿਸ ਸ. ਕਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਨਸ਼ੇ ਦੀ ਵਰਤੋਂ ਕਰਦਾ ਨਜ਼ਰ ਆਉਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਵਟਸਐਪ ਨੰਬਰ 97791-00200, ਪੁਲਿਸ ਹੈਲਪਲਾਈਨ 112 ਜਾਂ ਨਜ਼ਦੀਕੀ ਪੁਲਿਸ ਥਾਣੇ ਨੂੰ ਦਿੱਤੀ ਜਾਵੇ, ਤਾਂ ਜੋ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ ਅਤੇ ਨਸ਼ਿਆਂ ਦੀ ਲਤ ਨਾਲ ਪੀੜਤ ਵਿਅਕਤੀਆਂ ਦਾ ਇਲਾਜ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਾ ਸਮਾਜ ਅਤੇ ਪਰਿਵਾਰਾਂ ਨੂੰ ਤਬਾਹ ਕਰਦਾ ਹੈ ਅਤੇ ਇਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ।
ਉਨ੍ਹਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਨਹੀਂ ਹੈ। ਅਜਿਹਾ ਕਰਨ ‘ਤੇ ਮਾਪਿਆਂ ਜਾਂ ਵਾਹਨ ਦੇਣ ਵਾਲੇ ਵਿਅਕਤੀ ਨੂੰ ਕਾਨੂੰਨ ਅਨੁਸਾਰ ਤਿੰਨ ਸਾਲ ਤੱਕ ਦੀ ਕੈਦ ਅਤੇ 25 ਹਜ਼ਾਰ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।
ਇਸ ਦੌਰਾਨ ਵਿਦਿਆਰਥੀਆਂ ਨੂੰ ਗੁੱਡ ਸਮੈਰੀਟਨ (ਫ਼ਰਿਸ਼ਤੇ) ਸਕੀਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਸੜਕ ਹਾਦਸੇ ਦੇ ਜ਼ਖ਼ਮੀ ਦੀ ਸਮੇਂ ਸਿਰ ਮਦਦ ਕਰਦਾ ਹੈ ਤਾਂ ਸਰਕਾਰ ਵੱਲੋਂ ਉਸ ਨੂੰ 2,000 ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ।
ਸ. ਕਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਖੇਡਾਂ ਨਾਲ ਜੁੜਨ ਅਤੇ ਆਪਣੇ ਪਰਿਵਾਰਾਂ ਨੂੰ ਵੀ ਨਸ਼ਾ ਮੁਕਤੀ ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਸ਼ਰਾਬ ਪੀ ਕੇ ਵਾਹਨ ਨਾ ਚਲਾਉਣ, ਤੇਜ਼ ਰਫ਼ਤਾਰ ਤੋਂ ਬਚਣ ਅਤੇ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ, ਕੋਆਰਡੀਨੇਟਰ ਨਰਿੰਦਰਜੀਤ ਕੌਰ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ। ਅੰਤ ਵਿੱਚ ਪ੍ਰਿੰਸੀਪਲ ਅਤੇ ਸਕੂਲ ਪ੍ਰਬੰਧਨ ਵੱਲੋਂ ਸ. ਕਰਨੈਲ ਸਿੰਘ ਦਾ ਸਕੂਲ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਜਾਗਰੂਕਤਾ ਭਰਪੂਰ ਵਿਚਾਰਾਂ ਦੀ ਸ਼ਲਾਘਾ ਕੀਤੀ।























