ਪਾਵਰ ਕਾਰਪੋਰੇਸ਼ਨ ਦੀ ਤਾਰਾਂ ਕਸਣ ਵਾਲੀ ਮੁਹਿੰਮ ਰੰਗ ਲਿਆਈ, ਮਾਲਵਾ ਪੱਟੀ ਵਿਚ ਖੇਤਾਂ ‘ਚ ਖੜ੍ਹੀ ਕਣਕ ਬਚਾਈ
ਖੇਤੀ ਅਧਿਕਾਰੀਆਂ ਦੀ ਸਿਫਾਰਸ਼ ‘ਤੇ ਹੁਣ ਵੀ ਨਰਮਾ ਬੈਲਟ ਨੂੰ 8 ਘੰਟੇ ਬਿਜਲੀ ਦੇਣ ਦਾ ਉਪਰਾਲਾ
ਮਾਨਸਾ, 26 ਮਈ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਕੀਤੇ ਗਏ ਅਗੇਤੇ ਪ੍ਰਬੰਧਾਂ ਕਾਰਨ ਇਸ ਵਾਰ ਮਾਲਵਾ ਖੇਤਰ ਵਿਚ ਹਾੜ੍ਹੀ ਦੀ ਮੁੱਖ ਫਸਲ ਕਣਕ ਨੂੰ ਵਾਢੀ ਦੌਰਾਨ ਅੱਗਾਂ ਲੱਗਣ ਦੀਆਂ ਬਹੁਤ ਹੀ ਘੱਟ ਘਟਨਾਵਾਂ ਸਾਹਮਣੇ ਆਈਆਂ ਹਨ। ਜਿਹੜੀਆਂ ਥਾਵਾਂ ਉਪਰ ਖੇਤਾਂ ਵਿਚ ਖੜ੍ਹੀ ਕਣਕ ਅਗਨ ਭੇਂਟ ਹੋਈ ਹੈ, ਉਥੇ ਖੇਤਾਂ ਉਪਰੋਂ ਲੰਘਦੀਆਂ ਢਿੱਲੀਆਂ ਤਾਰਾਂ ਬਦੌਲਤ ਪੈਦਾ ਹੋਈਆਂ ਚੰਗਿਆੜੀਆਂ ਨਹੀਂ, ਸਗੋਂ ਕਈ ਹੋਰ ਕਾਰਨ ਵੀ ਸਾਹਮਣੇ ਆਏ ਹਨ।
ਹਾੜ੍ਹੀ ਦੀ ਵਾਢੀ ਦੇ ਸਮਾਪਤੀ ਸੀਜਨ ਤੋਂ ਪਿੱਛੋ ਹੁਣ ਜਦੋਂ ਪੰਜਾਬ ਰਾਜ ਮੰਡੀ ਬੋਰਡ, ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੀਐਸਪੀਸੀਐਲ ਵੱਲੋਂ ਹਾਸਲ ਹੋਏ ਅੰਕੜਿਆਂ ਨੂੰ ਵਾਚਿਆ ਗਿਆ ਹੈ ਤਾਂ ਪਤਾ ਲੱਗਿਆ ਹੈ ਕਿ ਖੇਤਾਂ ‘ਚੋਂ ਲੰਘਦੀਆਂ ਤਾਰਾਂ ਦੀ ਬਕਾਇਦਾ ਕਸਾ-ਕਸਾਈ ਹੋਣ ਕਾਰਨ ਇਸ ਵਾਰ ਬਿਲਕੁਲ ਵੀ ਤਾਰਾਂ ਨਾਲ ਤਾਰਾਂ ਟਕਰਾਕੇ ਅੱਗਾਂ ਲੱਗਣ ਦੇ ਮਾਮਲੇ ਸਾਹਮਣੇ ਨਹੀਂ ਆਏ ਹਨ। ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਪਾਵਰ ਕਾਰਪੋਰੇਸ਼ਨ ਦੇ ਉਪ ਮੰਡਲ ਅਫਸਰਾਂ ਵੱਲੋਂ ਇਨ੍ਹਾਂ ਤਾਰਾਂ ਨੂੰ ਕਸਾਉਣ ਲਈ ਵਿਭਾਗ ਦੇ ਸੀਐਮਡੀ ਦੇ ਆਦੇਸ਼ਾਂ ‘ਤੇ ਇਕ ਮੁਹਿੰਮ ਆਰੰਭੀ ਗਈ ਸੀ, ਜਿਸ ਤਹਿਤ ਜਿਥੇ ਕਿਤੇ ਵੀ ਢਿੱਲੀਆਂ ਤਾਰਾਂ ਦੀਆਂ ਸੂਚਨਾਵਾਂ ਪ੍ਰਾਪਤ ਹੋਈਆਂ, ਉਥੇ ਹੀ ਜਾਕੇ ਇਨ੍ਹਾਂ ਨੂੰ ਕਸਿਆ ਗਿਆ ਅਤੇ ਇਸ ਸਬੰਧੀ ਕਿਸਾਨ ਜਥੇਬੰਦੀਆਂ ਸਮੇਤ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਪਾਵਰਕਾਮ ਦੇ ਉਚ ਅਧਿਕਾਰੀਆਂ ਨੂੰ ਸਾਥ ਦਿੱਤਾ ਗਿਆ।
ਦਿਲਚਸਪ ਗੱਲ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀਐਮਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਇਸ ਇਲਾਕੇ ਦੇ ਚਾਉਕੇ ਪਿੰਡ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਕਿਸਾਨਾਂ ਦੀਆਂ ਤਕਲੀਫਾਂ ਨੂੰ ਬੜਾ ਨੇੜਿਓ ਗੌਹ ਨਾਲ ਵੇਖਿਆ ਹੈ, ਜਿਸ ਕਾਰਨ ਕਾਰਪੋਰੇਸ਼ਨ ਨੇ ਅਜਿਹੀ ਮੁਹਿੰਮ ਨੂੰ ਪਹਿਲੀ ਦਫਾ ਵੱਡੇ ਪੱਧਰ ‘ਤੇ ਆਰੰਭਿਆ ਗਿਆ।
ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਆਮ ਪਬਲਿਕ ਨੂੰ ਹੁਣ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਬਿਜਲੀ ਦੀ ਲਾਈਨ ਤੋਂ ਸਪਾਰਕ ਹੋ ਰਿਹਾ ਹੈ ਜਾਂ ਹੋਣ ਦੀ ਸੰਭਾਵਨਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਕਾਰਪੋਰੇਸ਼ਨ ਦੇ ਸਟਾਫ, ਜੇ.ਈ., ਉਪ ਮੰਡਲ ਅਫਸਰ ਨੂੰ ਦਿੱਤੀ ਜਾਵੇ ਅਤੇ ਜਿਥੇ ਕਿਤੇ ਵੀ ਬਿਜਲੀ ਦੀਆਂ ਤਾਰਾਂ ਢਿੱਲੀਆਂ ਜਾਂ ਨੀਵੀਆਂ ਹੋਣ, ਉਸ ਸਬੰਧੀ ਸੂਚਨਾ, ਖਪਤਕਾਰ ਪੀਐਸਪੀਸੀਐਲ ਪਟਿਆਲਾ ਵਿਖੇ 24 ਘੰਟੇ ਚਾਲੂ ਕੰਟਰੋਲ ਰੂਮ ‘ਤੇ ਟੈਲੀਫੋਨ ਨੰਬਰ 96461-06835 ਅਤੇ 96461-06836 ਉਪਰ ਦੇ ਸਕਦੇ ਹਨ, ਜਦੋਂ ਕਿ ਬਿਜਲੀ ਸਬੰਧੀ ਸ਼ਿਕਾਇਤਾਂ ਵਾਸਤੇ ਟੈਲੀਫੋਨ ਨੰਬਰ 1912 ‘ਤੇ ਚੱਤੋ-ਪਹਿਰ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਦੌਰਾਨ ਹੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਇਹ ਵੀ ਦੱਸਿਆ ਹੈ ਕਿ ਪੰਜਾਬ ਦੇ ਮਾਲਵਾ ਖੇਤਰ ਵਾਲੇ 8 ਜ਼ਿਲ੍ਹਿਆਂ ਵਿਚ ਨਰਮੇ ਦੀ ਫਸਲ ਬੀਜਣ ਲਈ ਪਹਿਲੀ ਮਈ ਤੋਂ 20 ਮਈ ਤੱਕ 24 ਘੰਟੇ ਬਿਜਲੀ ਸਪਲਾਈ ਕੀਤੀ ਗਈ ਹੈ ਅਤੇ ਅੱਜ ਕੱਲ੍ਹ ਵੀ 8 ਘੰਟੇ ਸਪਲਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਨੇ ਗਰਮੀ ਤੋਂ ਨਰਮੇ ਨੂੰ ਬਚਾਉਣ ਅਤੇ ਪਸ਼ੂਆਂ ਦੇ ਹਰੇ-ਚਾਰੇ ਸਮੇਤ ਸਬਜੀਆਂ ਦੀ ਬਿਜਾਈ ਕਰਨ ਵਾਲੇ ਇਲਾਕੇ ਵਿਚ ਖੇਤੀਬਾੜੀ ਅਧਿਕਾਰੀਆਂ ਦੀ ਮੰਗ ਉਤੇ ਵਾਧੂ ਸਮੇਂ ਲਈ ਬਿਜਲੀ ਛੱਡਣ ਦੇ ਵੀ ਪਹਿਲੀ ਵਾਰ ਨਿੱਗਰ ਉਪਰਾਲੇ ਕੀਤੇ ਗਏ ਹਨ।
ਫੋਟੋ ਨੰਬਰ: 01
ਫੋਟੋ ਕੈਪਸ਼ਨ: ਇੰਜੀਨੀਅਰ ਬਲਦੇਵ ਸਿੰਘ ਸਰਾਂ।