ਪਟਿਆਲਾ ‘ਚ ਤਸਕਰਾਂ ਦਾ ਪਿੱਛਾ ਕਰਦੇ ਸਮੇਂ ਪੁਲਿਸ ਦੀ ਗੱਡੀ ਹਾਦਸਾਗ੍ਰਸਤ
– ਐੱਸਐੱਚਓ ਜ਼ਖਮੀ
ਪਟਿਆਲਾ, 9 ਜੁਲਾਈ 2026 (ਵਿਸ਼ਵ ਵਾਰਤਾ): ਨਾਭਾ ਦੇ ਨੇੜਲੇ ਪਿੰਡ ਧੰਗੇੜਾ ਕੋਲ ਤਸਕਰਾਂ ਨੂੰ ਦਬੋਚਣ ਦੀ ਕੋਸ਼ਿਸ਼ ਵਿੱਚ ਜੁਟੀ ਪੁਲਿਸ ਪਾਰਟੀ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ। ਤਸਕਰਾਂ ਦੀ ਗੱਡੀ ਦਾ ਪਿੱਛਾ ਕਰ ਰਹੇ ਥਾਨਾ ਸਦਰ ਨਾਭਾ ਦੇ ਮੁਖੀ (SHO) ਜਸਪ੍ਰੀਤ ਸਿੰਘ ਦੀ ਸਰਕਾਰੀ ਗੱਡੀ ਹਾਦਸਾਗ੍ਰਸਤ ਹੋ ਗਈ। ਇਸ ਭਿਆਨਕ ਟੱਕਰ ਵਿੱਚ ਐੱਸਐੱਚਓ ਜਸਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ, ਜਦਕਿ ਤਸਕਰ ਆਪਣੀ ਗੱਡੀ ਮੌਕੇ ‘ਤੇ ਹੀ ਛੱਡ ਕੇ ਭੱਜਣ ਵਿੱਚ ਸਫ਼ਲ ਰਹੇ।
ਜਾਣਕਾਰੀ ਅਨੁਸਾਰ, ਥਾਨਾ ਸਦਰ ਨਾਭਾ ਦੇ ਐੱਸਐੱਚਓ ਜਸਪ੍ਰੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਅਧਾਰ ‘ਤੇ ਉਨ੍ਹਾਂ ਨੇ ਪੁਲਿਸ ਟੀਮ ਨਾਲ ਸ਼ੱਕੀ ਤਸਕਰਾਂ ਦੀ ਘੇਰਾਬੰਦੀ ਕੀਤੀ। ਪੁਲਿਸ ਨੂੰ ਦੇਖ ਕੇ ਤਸਕਰਾਂ ਨੇ ਆਪਣੀ ਗੱਡੀ ਭਜਾ ਲਈ, ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਪਿੱਛਾ ਕਰਨ ਦੌਰਾਨ ਪਿੰਡ ਧੰਗੇੜਾ ਕੋਲ ਦੋਵਾਂ ਗੱਡੀਆਂ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਪੁਲਿਸ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਐੱਸਐੱਚਓ ਜਸਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਐੱਸਐੱਚਓ ਜਸਪ੍ਰੀਤ ਸਿੰਘ ਨੂੰ ਤੁਰੰਤ ਨਾਭਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅਤੇ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਤੁਰੰਤ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























