ਮਨੀਸ਼ ਪਾਲ ‘ਤੇ ਟੁੱਟਿਆ ਦੁੱਖਾਂ ਦਾ ਪਹਾੜ; ਮਾਂ ਦਾ ਦਿਹਾਂਤ
– ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਸਾਂਝੀ ਕਰ ਦਿੱਤੀ ਸ਼ਰਧਾਂਜਲੀ
ਮੁੰਬਈ, 9 ਜੁਲਾਈ 2026 (ਵਿਸ਼ਵ ਵਾਰਤਾ): ਟੈਲੀਵਿਜ਼ਨ ਹੋਸਟ ਅਤੇ ਐਕਟਰ ਮਨੀਸ਼ ਪਾਲ ਦੀ ਮਾਂ ਉਰਮਿਲ ਪਾਲ ਦਾ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ। 8 ਜੁਲਾਈ 2026 ਨੂੰ 77 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ। ਇਸ ਦੁਖਦ ਖ਼ਬਰ ਦੀ ਜਾਣਕਾਰੀ ਮਨੀਸ਼ ਪਾਲ ਦੀ ਟੀਮ ਨੇ ਇੱਕ ਅਧਿਕਾਰਤ ਬਿਆਨ ਰਾਹੀਂ ਦਿੱਤੀ। ਆਪਣੀ ਮਾਂ ਦੇ ਦੇਹਾਂਤ ਤੋਂ ਭਾਵੁਕ ਹੋਏ ਮਨੀਸ਼ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨਾਲ ਕਈ ਯਾਦਗਾਰੀ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇੱਕ ਦਿਲ ਨੂੰ ਛੂਹ ਲੈਣ ਵਾਲਾ ਸੁਨੇਹਾ ਲਿਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਮਨੀਸ਼ ਪਾਲ ਦੀ ਟੀਮ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਐਕਟਰ ਦੀ ਮਾਂ ਦਾ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ। ਟੀਮ ਨੇ ਕਿਹਾ ਕਿ ਅਸੀਂ ਤੁਹਾਡੇ ਸਾਰਿਆਂ ਨੂੰ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਦੀ ਬੇਨਤੀ ਕਰਦੇ ਹਾਂ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਫ਼ਿਲਮ ਅਤੇ ਟੀਵੀ ਇੰਡਸਟਰੀ ਦੇ ਲੋਕ ਮਨੀਸ਼ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ।
ਮਨੀਸ਼ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ‘ਤੇ ਇੱਕ ਦਿਲ ਨੂੰ ਛੂਹ ਲੈਣ ਵਾਲਾ ਇਮੋਸ਼ਨਲ ਨੋਟ ਸਾਂਝਾ ਕੀਤਾ। ਮਨੀਸ਼ ਨੇ ਕੈਪਸ਼ਨ ਵਿੱਚ ਲਿਖਿਆ, ‘ਅੱਜ ਦੁਨੀਆ ਸ਼ਾਂਤ ਲੱਗ ਰਹੀ ਹੈ। ਅੱਜ ਸਵੇਰੇ ਮੈਂ ਆਪਣੀ ਮਾਂ ਨੂੰ ਅਲਵਿਦਾ ਕਿਹਾ, ਜੋ ਮੇਰਾ ਪਹਿਲਾ ਘਰ ਸਨ, ਮੈਨੂੰ ਸਭ ਤੋਂ ਵੱਧ ਸਕੂਨ ਦੇਣ ਵਾਲੇ ਸਨ ਅਤੇ ਹੁਣ ਤੱਕ ਦੀ ਮੇਰੀ ਜ਼ਿੰਦਗੀ ਦੀ ਸਭ ਤੋਂ ਮਜ਼ਬੂਤ ਔਰਤ ਸਨ।’
ਉਨ੍ਹਾਂ ਨੇ ਅੱਗੇ ਲਿਖਿਆ, ‘ਮੇਰੇ ਲਈ ਤੁਹਾਡੀ ਕੀ ਅਹਿਮੀਅਤ ਸੀ ਜਾਂ ਤੁਹਾਡੇ ਜਾਣ ਨਾਲ ਜੋ ਖਾਲੀਪਣ ਆਇਆ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਮੈਂ ਆਪਣੇ ਨਾਲ ਤੁਹਾਡਾ ਪਿਆਰ, ਤੁਹਾਡੀ ਹਿੰਮਤ, ਤੁਹਾਡੀ ਨੇਕੀ ਅਤੇ ਤੁਹਾਡੇ ਸਿਖਾਏ ਹਰ ਸਬਕ ਨੂੰ ਲੈ ਕੇ ਅੱਗੇ ਵਧਾਂਗਾ। ਇਹ ਸਭ ਜ਼ਿੰਦਗੀ ਭਰ ਮੇਰੇ ਨਾਲ ਰਹਿਣਗੇ। ਉਮੀਦ ਹੈ ਕਿ ਹੁਣ ਤੁਹਾਨੂੰ ਸਕੂਨ ਮਿਲ ਗਿਆ ਹੋਵੇਗਾ। ਮੈਨੂੰ ਉਸ ਤਰ੍ਹਾਂ ਪਿਆਰ ਕਰਨ ਲਈ ਸ਼ੁਕਰੀਆ, ਜਿਸ ਤਰ੍ਹਾਂ ਸਿਰਫ਼ ਇੱਕ ਮਾਂ ਹੀ ਕਰ ਸਕਦੀ ਹੈ। ਫਿਰ ਮਿਲਾਂਗੇ ਮਾਂ। ਹਮੇਸ਼ਾ-ਹਮੇਸ਼ਾ ਤੁਹਾਡੇ ਨਾਲ ਪਿਆਰ ਕਰਦਾ ਰਹਾਂਗਾ।’























