Sangrur: ਸਬਜ਼ੀ ਮੰਡੀ ਵਿੱਚ ਦੁਕਾਨ ‘ਚ ਜ਼ਬਰਦਸਤ ਧਮਾਕਾ, ਧਮਾਕੇ ਨਾਲ ਉੱਡੀ ਦੁਕਾਨ ਦੀ ਛੱਤ
ਸੰਗਰੂਰ, 9 ਜੁਲਾਈ (ਵਿਸ਼ਵ ਵਾਰਤਾ): ਸੰਗਰੂਰ ਦੀ ਸਬਜ਼ੀ ਮੰਡੀ ਵਿੱਚ ਬੀਤੀ ਰਾਤ ਇੱਕ ਪਟਾਕਿਆਂ ਦੀ ਦੁਕਾਨ ਵਿੱਚ ਭਿਆਨਕ ਧਮਾਕਾ ਹੋਣ ਕਾਰਨ ਦੁਕਾਨ ਦੀ ਛੱਤ ਉੱਡ ਗਈ ਅਤੇ ਜਿਸ ਤੋਂ ਬਾਅਦ ਲੱਗੀ ਅੱਗ ਨੇ ਕੁਝ ਹੀ ਸਮੇਂ ਵਿੱਚ ਵਿਕਰਾਲ ਰੂਪ ਧਾਰ ਲਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਈ ਘੰਟਿਆਂ ਦੀ ਕੜੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਸਥਾਨਕ ਲੋਕਾਂ ਅਤੇ ਦੁਕਾਨ ਮਾਲਿਕ ਦਾ ਦਾਅਵਾ ਹੈ ਕਿ ਘਟਨਾ ਸਮੇਂ ਦੁਕਾਨ ਵਿੱਚ ਕੋਈ ਪਟਾਕੇ ਮੌਜੂਦ ਨਹੀਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਧਮਾਕਾ ਅਤੇ ਅੱਗ ਬਿਜਲੀ ਦੇ ਖੰਭਿਆਂ ਤੋਂ ਹੋਈ ਸਪਾਰਕਿੰਗ ਕਾਰਨ ਲੱਗੀ। ਦੁਕਾਨ ਮਾਲਿਕ ਅਤੇ ਇਲਾਕਾ ਵਾਸੀਆਂ ਨੇ ਨਗਰ ਕੌਂਸਲ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਨਜ਼ਦੀਕ ਸਥਿਤ ਕੂੜੇ ਦੇ ਡੰਪ ਕਾਰਨ ਪਹਿਲਾਂ ਵੀ ਦੁਕਾਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਬੀਤੀ ਰਾਤ ਨਗਰ ਕੌਂਸਲ ਦੀ ਇੱਕ ਗੱਡੀ ਦੁਕਾਨ ਨਾਲ ਟਕਰਾਈ, ਜਿਸ ਤੋਂ ਬਾਅਦ ਬਿਜਲੀ ਦੇ ਖੰਭਿਆਂ ਵਿੱਚ ਸਪਾਰਕਿੰਗ ਹੋਈ ਅਤੇ ਅੱਗ ਲੱਗ ਗਈ।
ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਦਾ ਪੱਖ ਸਾਹਮਣੇ ਆਉਣ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਬਾਰੇ ਸਪਸ਼ਟਤਾ ਹੋ ਸਕੇਗੀ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























