Breaking: ਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ
ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ) –ਕੈਨੇਡਾ ਦੇ ਮਾਂਟਰੀਅਲ ਵਿੱਚ ਸਥਿਤ ਲਸੀਨ ਨਹਿਰ (Lachine Canal) ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਪੰਜਾਬ ਦੇ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਨੌਜਵਾਨ ਲਵਪ੍ਰੀਤ ਸਿੰਘ (26), ਵਾਸੀ ਤਪਾ ਮੰਡੀ, ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਸੀ ਅਤੇ ਦੂਜਾ
ਨੌਵਜਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੁਟਾਲਾ (ਨੌਰੰਗਪੁਰ) ਦਾ ਰਹਿਣ ਵਾਲਾ ਸੀ।
ਮੁੱਢਲੀ ਜਾਣਕਾਰੀ ਮੁਤਾਬਕ, ਦੋਵੇਂ ਨੌਜਵਾਨ ਲਸੀਨ ਨਹਿਰ (Lachine Canal) ਦੇ ਕੰਢੇ ‘ਤੇ ਖੜ੍ਹੇ ਸੀ ਕਿ ਅਚਾਨਕ ਹੀ ਅੰਮ੍ਰਿਤਸਰ ਦਾ ਨੌਜਵਾਨ ਨਹਿਰ ਦੇ ਕਿਨਾਰੇ ਤੋਂ ਫਿਸਲ ਕੇ ਪਾਣੀ ਵਿੱਚ ਡਿੱਗ ਗਿਆ। ਉਸ ਨੂੰ ਬਚਾਉਣ ਲਈ ਲਵਪ੍ਰੀਤ ਸਿੰਘ ਵੀ ਤੁਰੰਤ ਪਾਣੀ ਵਿੱਚ ਉਤਰ ਗਿਆ। ਪਰ ਨਹਿਰ ਦੇ ਤੇਜ਼ ਵਹਾਅ ਅਤੇ ਡੂੰਘੇ ਪਾਣੀ ਕਾਰਨ ਦੋਵੇਂ ਨੌਜਵਾਨ ਬਾਹਰ ਨਾ ਨਿਕਲ ਸਕੇ ਅਤੇ ਡੁੱਬ ਗਏ।
ਘਟਨਾ ਤੋਂ ਬਾਅਦ ਸਥਾਨਕ ਐਮਰਜੈਂਸੀ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ, ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ, ਦੋਵਾਂ ਨੂੰ ਪਾਣੀ ਵਿੱਚੋਂ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪਰ ਦੋਵੇਂ ਨੌਜਵਾਨਾਂ ਨੂੰ ਬਚਾਇਆ ਨਾ ਜਾ ਸਕਿਆ। ਇਸ ਦੁਖਦਾਈ ਘਟਨਾ ਨਾਲ ਦੋਵੇਂ ਪਰਿਵਾਰਾਂ ਅਤੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
ਦੋਵਾਂ ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰਾਂ ਦੀਆਂ ਲਾਸ਼ਾਂ ਕੈਨੇਡਾ ਤੋਂ ਪੰਜਾਬ ਲਿਆਉਣ ਲਈ ਪ੍ਰਸ਼ਾਸਨਿਕ ਅਤੇ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਹ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਸਕਣ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























